ਪਰਿਵਾਰ ਨੇ ਮਹਿਲਾ ਦੀ ਦੇਹ, ਹਸਪਤਾਲ ਦੇ ਗੇਟ ਅੱਗੇ ਰੱਖ ਕੀਤਾ ਪ੍ਰਦਰਸ਼ਨ, ਇਹ ਹੈ ਮਾਮਲਾ

Punjab

ਇਹ ਸਮਾਚਾਰ ਮੋਹਾਲੀ, ਖਰੜ ਤੋਂ ਪ੍ਰਾਪਤ ਹੋਇਆ ਹੈ। ਇਥੇ ਵੀਰਵਾਰ ਸ਼ਾਮ ਕਰੀਬ 6 ਵਜੇ ਸਰਕਾਰੀ ਹਸਪਤਾਲ ਖਰੜ ਦੇ ਮੇਨ ਗੇਟ ਉਤੇ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਕੁਝ ਲੋਕਾਂ ਨੇ ਹਸਪਤਾਲ ਦੇ ਗੇਟ ਦੇ ਵਿਚਕਾਰ ਮਹਿਲਾ ਦੀ ਦੇਹ ਰੱਖ ਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਸੂਚਨਾ ਮਿਲਣ ਉਤੇ ਥਾਣਾ ਸਿਟੀ ਦੇ ਐਸ. ਐਚ. ਓ. ਹਰਜਿੰਦਰ ਸਿੰਘ ਅਤੇ ਡੀ. ਐਸ. ਪੀ. ਰੁਪਿੰਦਰ ਦੀਪ ਕੌਰ ਸੋਹੀ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਦੇਹ ਹਸਪਤਾਲ ਦੀ ਮੋਰਚਰੀ ਵਿੱਚ ਰੱਖਣ ਲਈ ਮਨਾਇਆ।

ਕਿਰਨਦੀਪ ਕੌਰ ਉਮਰ 27 ਸਾਲ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦਾ ਰਹਿਣ ਵਾਲਾ ਹੈ। ਉਸ ਦੀ ਲੜਕੀ ਦਾ ਵਿਆਹ 13 ਮਹੀਨੇ ਪਹਿਲਾਂ ਗੁਰਜੋਤ ਸਿੰਘ ਵਾਸੀ ਪਿੰਡ ਨੇਵਲਾ ਜ਼ਿਲ੍ਹਾ ਅੰਬਾਲਾ ਦੇ ਨਾਲ ਹੋਇਆ ਸੀ। ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਗੁਰਜੋਤ ਸਿੰਘ, ਸੱਸ ਕੁਲਦੀਪ ਕੌਰ ਅਤੇ ਸਹੁਰਾ ਧਰਮ ਸਿੰਘ ਉਸ ਨੂੰ ਘੱਟ ਦਹੇਜ ਦੇ ਮੇਹਣੇ ਮਾਰ ਕੇ ਦੁਖੀ ਕਰਨ ਲੱਗੇ। ਕਿਰਨਦੀਪ ਕੌਰ ਨੇ ਆਪਣੇ ਪੇਕੇ ਘਰ ਵਿੱਚ ਦੱਸਿਆ। ਪੇਕਿਆਂ ਨੇ ਕਈ ਵਾਰ ਆ ਕੇ ਗੁਰਜੋਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਗਏ।

ਪਰ ਕੁਝ ਦਿਨਾਂ ਬਾਅਦ ਹੀ ਕਿਰਨਦੀਪ ਕੌਰ ਦੇ ਸਹੁਰੇ ਵਾਲਿਆਂ ਨੇ ਉਸ ਨਾਲ ਫਿਰ ਉਝ ਹੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟ-ਮਾਰ ਵੀ ਕੀਤੀ। ਉਸ ਦੀ ਲੜਕੀ ਕਿਰਨਦੀਪ ਕੌਰ ਨੂੰ ਉਸ ਦੀ ਨਣਦ ਅਤੇ ਉਸ ਦੇ ਪਤੀ ਨੇ 21 ਫਰਵਰੀ ਨੂੰ ਰਾਏਪੁਰ ਵਿੱਚ ਪੇਕੇ ਘਰ ਛੱਡ ਕੇ ਗਏ ਸੀ। ਇਸ ਦੌਰਾਨ ਕਿਰਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਸਹੁਰਿਆਂ ਵਾਲਿਆਂ ਨੇ ਉਸ ਨੂੰ ਕੁਟਿਆ ਹੈ। ਅਗਲੇ ਦਿਨ 22 ਫਰਵਰੀ ਨੂੰ ਪਤੀ ਗੁਰਜੋਤ ਸਿੰਘ ਨੇ ਕਿਰਨਦੀਪ ਕੌਰ ਨੂੰ ਕਈ ਵਾਰ ਫੋਨ ਕਰਕੇ ਘਰ ਵਾਪਸ ਆਉਣ ਲਈ ਕਿਹਾ। ਵਾਰ-ਵਾਰ ਫੋਨ ਕਰਨ ਤੇ ਮਾਪਿਆਂ ਨੇ ਕਿਰਨਦੀਪ ਕੌਰ ਨੂੰ ਬੱਸ ਰਾਹੀਂ ਖਰੜ ਸਥਿਤ ਉਸ ਦੇ ਸਹੁਰੇ ਘਰ ਭੇਜ ਦਿੱਤਾ।

ਗੁਰਜੋਤ ਸਿੰਘ ਖਰੜ ਦੇ ਜਲਵਾਯੂ ਟਾਵਰ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿੰਦਾ ਹੈ ਅਤੇ ਸਵਰਾਜ ਟਰੈਕਟਰ ਫੈਕਟਰੀ ਵਿੱਚ ਕੰਮ ਕਰਦਾ ਹੈ। ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਕਿਰਨਦੀਪ ਕੌਰ ਨਾਲ ਉਸ ਦੇ ਪਤੀ, ਸੱਸ ਅਤੇ ਸਹੁਰੇ ਵੱਲੋਂ ਫਿਰ ਮਾਰ ਕੁੱਟ ਕੀਤੀ ਗਈ ਅਤੇ ਬਾਅਦ ਵਿੱਚ ਗਲ ਦਬਾ ਕੇ ਕ-ਤ-ਲ ਕਰ ਦਿੱਤਾ ਗਿਆ। ਫਿਰ ਕਿਰਨਦੀਪ ਕੌਰ ਦੀ ਨਣਦ ਅਤੇ ਉਸ ਦਾ ਪਤੀ ਉਸ ਨੂੰ ਪ੍ਰਾਈਵੇਟ ਹਸਪਤਾਲ ਲੈ ਗਏ। ਇੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਕਿਰਨਦੀਪ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬੁੱਧਵਾਰ ਨੂੰ ਕਿਰਨਦੀਪ ਕੌਰ ਦੇ ਸਹੁਰਿਆਂ ਨੇ ਉਸ ਦੇ ਪੇਕੇ ਘਰ ਫੋਨ ਕਰਕੇ ਦੱਸਿਆ ਕਿ ਕਿਰਨਦੀਪ ਕੌਰ ਨੇ ਫਾ-ਹਾ ਲੈ ਕੇ ਜਿੰਦਗੀ ਸਮਾਪਤ ਕਰ ਲਈ ਹੈ। ਮਾਪੇ ਬੁੱਧਵਾਰ ਦੇਰ ਸ਼ਾਮ ਖਰੜ ਪਹੁੰਚੇ।

ਖਰੜ ਸਦਰ ਪੁਲਿਸ ਨੇ ਵੀਰਵਾਰ ਨੂੰ ਕਿਰਨਦੀਪ ਕੌਰ ਦੀ ਦੇਹ ਨੂੰ ਹਸਪਤਾਲ ਤੋਂ ਲਿਆਂਦਾ ਅਤੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਖਰੜ ਵਿਖੇ ਰੱਖਿਆ। ਪਰ ਪੁਲਿਸ ਦੇ ਢਿੱਲੇ ਰਵੱਈਏ ਕਾਰਨ ਕਿਰਨਦੀਪ ਕੌਰ ਦਾ ਪੋਸਟ ਮਾਰਟਮ ਨਹੀਂ ਹੋ ਸਕਿਆ। ਤੰਗ ਆਏ ਪੇਕਿਆਂ ਨੇ ਦੇਹ ਹਸਪਤਾਲ ਦੇ ਗੇਟ ਉਤੇ ਰੱਖ ਕੇ ਪੁਲਿਸ ਖ਼ਿਲਾਫ਼ ਰੋਸ ਪ੍ਰਗਟਾਇਆ। ਮਾਪਿਆਂ ਨੇ ਮੰਗ ਕੀਤੀ ਹੈ ਕਿ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਕਿਰਨਦੀਪ ਕੌਰ ਦਾ ਪੋਸਟ ਮਾਰਟਮ ਕਰਵਾਇਆ ਜਾਵੇ। ਡੀ. ਐਸ. ਪੀ. ਸੋਹੀ ਵੱਲੋਂ ਪੂਰਾ ਇਨਸਾਫ਼ ਦਿਵਾਉਣ ਦਾ ਭਰੋਸਾ ਮਿਲਣ ਉਤੇ ਮ੍ਰਿਤਕ ਦੇ ਵਾਰਸਾਂ ਨੇ ਧਰਨਾ ਸਮਾਪਤ ਕਰਕੇ ਦੇਹ ਨੂੰ ਮੋਰਚਰੀ ਵਿੱਚ ਰਖਵਾਇਆ। ਖਰੜ ਸਦਰ ਪੁਲਿਸ ਨੇ ਮ੍ਰਿਤਕਾ ਦੇ ਪਤੀ ਗੁਰਜੋਤ ਸਿੰਘ, ਸੱਸ ਕੁਲਦੀਪ ਕੌਰ ਅਤੇ ਸਹੁਰਾ ਧਰਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *