ਪਟਿਆਲਾ ਜਿਲ੍ਹੇ ਦੇ ਤੇਪਲਾ ਮਾਰਗ ਉਤੇ ਪਿੰਡ ਖਾਸਪੁਰ ਦੇ ਨੇੜੇ ਵੀਰਵਾਰ ਦੇਰ ਰਾਤ ਨੂੰ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌ-ਤ ਹੋ ਗਈ, ਜਦੋਂ ਕਿ ਤੀਜਾ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਕੇ ਗਏ। ਜਿੱਥੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਦੋਸ਼ੀ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਬਨੂੜ ਦੇ ਏ. ਐਸ. ਆਈ. ਮੁਹੰਮਦ ਨਸੀਮ ਨੇ ਦੱਸਿਆ ਕਿ ਮੋਟਰਸਾਈਕਲ ਉਤੇ ਸਵਾਰ ਤਿੰਨੇ ਨੌਜਵਾਨ ਇੱਕਠੇ ਪੜ੍ਹਦੇ ਸਨ ਅਤੇ ਗਰੀਬ ਪਰਿਵਾਰ ਵਿੱਚੋਂ ਹੋਣ ਦੇ ਕਾਰਨ ਪੜ੍ਹਾਈ ਦੇ ਨਾਲ ਵੇਟਰ ਦਾ ਕੰਮ ਕਰਕੇ ਆਪਣਾ ਖਰਚਾ ਚਲਾਉਂਦੇ ਸਨ।
ਗਗਨਦੀਪ ਸਿੰਘ ਉਮਰ 19 ਸਾਲ ਵਾਸੀ ਪਿੰਡ ਚੰਗੇਰਾ ਅਤੇ ਛਿੰਦਾ ਸਿੰਘ ਉਮਰ 19 ਸਾਲ ਵਾਸੀ ਪਿੰਡ ਖਲੌਰ ਦੋਵੇਂ 12ਵੀਂ ਜਮਾਤ ਵਿਚ ਹਨ ਅਤੇ ਜਤਿਨ ਕੁਮਾਰ ਉਮਰ 17 ਸਾਲ ਵਾਸੀ ਪਿੰਡ ਖਲੌਰ 11ਵੀਂ ਜਮਾਤ ਦੀ ਪੜ੍ਹਾਈ ਕਰਦਾ ਹੈ। ਵੀਰਵਾਰ ਦੀ ਸ਼ਾਮ ਨੂੰ ਤਿੰਨੇ ਨੌਜਵਾਨ ਧਰਮਗੜ੍ਹ ਪਿੰਡ ਵਿਚ ਇਕ ਵਿਆਹ ਸਮਾਗਮ ਵਿਚ ਵੇਟਰ ਦੇ ਕੰਮ ਉਤੇ ਗਏ ਹੋਏ ਸਨ। ਇਹ ਤਿੰਨੇ ਨੌਜਵਾਨ ਰਾਤ ਨੂੰ ਕੰਮ ਖਤਮ ਕਰਕੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ ਪਰ ਇਸ ਦੌਰਾਨ ਰਾਤ ਕਰੀਬ 12 ਵਜੇ ਜਦੋਂ ਤੇਪਲਾ ਮਾਰਗ ਉਤੇ ਪਿੰਡ ਖਾਸਪੁਰ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਤੇਜ਼ ਸਪੀਡ ਕ੍ਰੇਟਾ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਗਗਨਦੀਪ ਸਿੰਘ ਅਤੇ ਛਿੰਦਾ ਸਿੰਘ ਦੀ ਮੌਕੇ ਤੇ ਹੀ ਮੌ-ਤ ਹੋ ਗਈ। ਜਦੋਂ ਕਿ ਜਤਿਨ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਫਿਲਹਾਲ ਉਸ ਦਾ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਦੋਸ਼ੀ ਕ੍ਰੇਟਾ ਡਰਾਈਵਰ ਆਪਣੀ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਨੂੰ ਮੌਕੇ ਉਤੇ ਛੱਡ ਕੇ ਫਰਾਰ ਹੋ ਗਿਆ। ਫਿਲਹਾਲ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।