ਪੰਜਾਬ ਵਿਚ ਅੰਮ੍ਰਿਤਸਰ ਜਿਲ੍ਹੇ ਦੇ ਹਕੀਮਾਂ ਗੇਟ ਥਾਣਾ ਏਰੀਏ ਦੀ ਵਰਿਆਮ ਸਿੰਘ ਕਾਲੋਨੀ ਵਿਚ ਬੀਤੀ ਰਾਤ ਕੁਝ ਲੋਕਾਂ ਵਿਚਾਲੇ ਕਾਰ ਅਤੇ ਮੋਟਰਸਾਈਕਲ ਨੂੰ ਹਟਾਉਣ ਨੂੰ ਲੈ ਕੇ ਝਗੜਾ ਹੋ ਗਿਆ। ਇਹ ਰੌਲਾ ਐਨਾ ਵਧ ਗਿਆ ਕਿ ਬੇਸ-ਬਾਲ ਅਤੇ ਕੱਚ ਦੀਆਂ ਬੋਤਲਾਂ ਨਾਲ ਵਾਰ ਕਰਕੇ ਇੱਕ ਨੌਜਵਾਨ ਦਾ ਕ-ਤ-ਲ ਕਰ ਦਿੱਤਾ। ਬਚਾਅ ਲਈ ਆਇਆ ਇਕ ਨੌਜਵਾਨ ਵੀ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਦੋਸ਼ੀ ਆਪਣੇ ਸਾਥੀਆਂ ਸਣੇ ਫਰਾਰ ਹੋ ਗਏ।
ਇਸ ਮਾਮਲੇ ਬਾਰੇ ਹਕੀਮਾ ਗੇਟ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸੱਤ ਦੋਸ਼ੀਆਂ ਦੀ ਪਹਿਚਾਣ ਕਰਕੇ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 323, 336, 148, 149 ਅਤੇ ਅਸਲਾ ਐਕਟ 25 ਅਤੇ 27 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਹਕੀਮਾ ਗੇਟ ਦੇ ਬਾਹਰ ਵਰਿਆਮ ਸਿੰਘ ਕਲੋਨੀ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਮੂੰਹ ਬੋਲੀ ਭੈਣ ਸ਼ੀਤਲ ਦੇ ਘਰ ਪੁੱਤ ਨੇ ਜਨਮ ਲਿਆ ਹੈ।
ਬੀਤੀ ਰਾਤ ਉਹ ਆਪਣੇ ਭਰਾ ਬਲਵਿੰਦਰ ਸਿੰਘ ਉਰਫ ਬੱਲੂ ਅਤੇ ਹੋਰ ਰਿਸ਼ਤੇਦਾਰਾਂ ਨਾਲ ਆਪਣੀ ਭੈਣ ਦੇ ਘਰ ਬੇਟੇ ਦੀ ਖੁਸ਼ੀ ਵਿੱਚ ਪਾਰਟੀ ਕਰ ਰਹੇ ਸੀ। ਰਾਤ 10:30 ਤੋਂ 11 ਵਜੇ ਦੇ ਦਰਮਿਆਨ ਗਲੀ ਵਿੱਚ ਦੋ ਕਾਰਾਂ ਵਿੱਚ ਕੁਝ ਵਿਅਕਤੀ ਆ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਭਰਾ ਬਲਵਿੰਦਰ ਉਰਫ਼ ਬੱਲੂ ਨਾਲ ਘਰੋਂ ਬਾਹਰ ਨਿਕਲਿਆ ਤਾਂ ਕਾਰ ਸਵਾਰਾਂ ਨੇ ਵਰਿਆਮ ਸਿੰਘ ਕਲੋਨੀ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਹਟਾਉਣ ਲਈ ਕਿਹਾ ਤਾਂ ਕੇ ਉਨ੍ਹਾਂ ਦੀਆਂ ਕਾਰਾਂ ਲੰਘ ਸਕਣ।
ਜਦੋਂ ਉਨ੍ਹਾਂ ਨੇ ਮੋਟਰਸਾਈਕਲ ਦੀ ਚਾਬੀ ਅੰਦਰੋਂ ਲਿਆ ਕੇ ਸਾਈਡ ਉਤੇ ਕਰਨ ਲਈ ਕਿਹਾ ਤਾਂ ਪ੍ਰਥਮ ਨਾਂ ਦੇ ਨੌਜਵਾਨ ਨੇ ਉਸ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਸ਼ੀਆਂ ਦੇ ਹੋਰ ਸਾਥੀ ਕਾਰ ਵਿਚੋਂ ਬੇਸ-ਬਾਲ, ਕੱਚ ਦੀਆਂ ਬੋਤਲਾਂ ਅਤੇ ਹੋਰ ਹਥਿ-ਆਰ ਲੈ ਕੇ ਬਾਹਰ ਆ ਗਏ ਤਾਂ ਉਹ ਡਰ ਕੇ ਘਰ ਦੇ ਅੰਦਰ ਚਲੇ ਗਏ। ਇਸ ਉਤੇ ਦੋਸ਼ੀ ਉਸ ਨੂੰ ਅਤੇ ਉਸ ਦੇ ਭਰਾ ਨੂੰ ਅੰਦਰੋਂ ਖਿੱਚ ਕੇ ਬਾਹਰ ਲੈ ਗਏ ਅਤੇ ਉਸ ਦੇ ਭਰਾ ਦੇ ਸਿਰ ਤੇ ਕੱਚ ਦੀਆਂ ਬੋਤਲਾਂ ਨਾਲ ਵਾਰ ਕਰਨ ਲੱਗੇ।
ਇਸ ਦੌਰਾਨ ਜਦੋਂ ਹਿਤੇਸ਼ ਕੁਮਾਰ ਨਾਮ ਦੇ ਗੁਆਂਢੀ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਸ ਤੇ ਵੀ ਬੋਤਲਾਂ ਨਾਲ ਵਾਰ ਕਰ ਦਿੱਤਾ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਆਪਣੇ ਪਿਸ-ਤੌਲ ਚੋਂ ਫਾਇਰ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇੰਸਪੈਕਟਰ ਗੁਰਬਿੰਦਰ ਸਿੰਘ ਨੇ ਕੁਝ ਅਣਪਛਾਤੇ ਵਿਅਕਤੀਆਂ ਸਮੇਤ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।