ਜ਼ਿਲ੍ਹਾ ਸੰਗਰੂਰ (ਪੰਜਾਬ) ਦੇ ਪਿੰਡ ਖੇੜੀ ਚੰਦਵਾਂ ਵਿੱਚ ਇੱਕ ਮਹਿਲਾ ਦੇ ਹੋਏ ਅੰਨ੍ਹੇ ਕ-ਤ-ਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਘਰੇਲੂ ਨੌਕਰ ਨੂੰ ਗ੍ਰਿਫ਼ਤਾਰ ਕਰਕੇ ਮ੍ਰਿਤਕ ਦੀ ਚੋਰੀ ਦੀ ਰਾਈਫ਼ਲ, ਮੋਬਾਈਲ ਫ਼ੋਨ ਅਤੇ ਘਟਨਾ ਵਿੱਚ ਵਰਤੀ ਗਈ ਕੁ-ਹਾੜੀ ਬਰਾਮਦ ਕਰ ਲਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤ ਗੁਰਚਰਨ ਸਿੰਘ ਵਾਸੀ ਖੇੜੀ ਚੰਦਵਾਂ ਨੇ ਦੱਸਿਆ ਕਿ ਜਦੋਂ ਉਹ ਹਾਲ ਹੀ ਵਿਚ ਕੰਮ ਉਤੇ ਗਿਆ ਸੀ ਤਾਂ ਉਸ ਦੀ ਪਤਨੀ ਪਰਮਜੀਤ ਕੌਰ ਘਰ ਵਿਚ ਇਕੱਲੀ ਸੀ।
ਜਿਸ ਤੋਂ ਬਾਅਦ ਕਰੀਬ ਇੱਕ ਵਜੇ ਉਸ ਦੇ ਨੌਕਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਪਰਮਜੀਤ ਕੌਰ ਜ਼ਖ਼ਮੀ ਹਾਲ ਵਿੱਚ ਹੇਠਾਂ ਡਿੱਗ ਪਈ ਹੈ ਅਤੇ ਉਸ ਦੇ ਸਿਰ ਉਤੇ ਸੱਟ ਦੇ ਨਿਸ਼ਾਨ ਹਨ। ਜਿਵੇਂ ਹੀ ਨਿਰਮਲ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਤੁਰੰਤ ਘਰ ਪਹੁੰਚਿਆ ਤਾਂ ਦੇਖਿਆ ਕਿ ਸਿਰ ਉਤੇ ਡੂੰਘੀ ਸੱਟ ਲੱਗ ਜਾਣ ਕਾਰਨ ਉਸ ਦੀ ਪਤਨੀ ਦੀ ਮੌ-ਤ ਹੋ ਚੁੱਕੀ ਸੀ। ਫਿਰ ਘਰ ਦਾ ਫਰਨੀਚਰ ਦੇਖਿਆ ਤਾਂ ਘਰੋਂ ਉਸ ਦੀ ਲਾਇਸੈਂਸੀ ਰਾਈਫਲ ਅਤੇ ਪਤਨੀ ਦਾ ਮੋਬਾਈਲ ਫੋਨ ਲਾਪਤਾ ਸੀ, ਜਿਸ ਉਤੇ ਥਾਣਾ ਭਵਾਨੀਗੜ੍ਹ ਵਿਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਗਈ।
ਐੱਸ. ਐੱਸ. ਪੀ. ਲਾਂਬਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੋਹਿਤ ਅਗਰਵਾਲ ਡੀ. ਐੱਸ. ਪੀ. ਭਵਾਨੀਗੜ੍ਹ, ਕਰਨ ਸਿੰਘ ਸੰਧੂ ਡੀ. ਐੱਸ. ਪੀ. (ਡੀ) ਸੰਗਰੂਰ, ਇੰਸਪੈਕਟਰ ਦੀਪਇੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਬਹਾਦਰ ਸਿੰਘ ਵਾਲਾ ਅਤੇ ਪ੍ਰਤੀਕ ਜਿੰਦਲ ਮੁੱਖ ਅਫ਼ਸਰ ਭਵਾਨੀਗੜ੍ਹ ਥਾਣੇ ਦੀ ਡਿਊਟੀ ਲਗਾਈ ਗਈ। ਟੀਮ ਨੇ ਇਸ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਤਕਨੀਕੀ ਜਾਂਚ ਤੋਂ ਬਾਅਦ ਘਰੇਲੂ ਨੌਕਰ ਦੋਸ਼ੀ ਨਤੀਸ਼ ਸ਼ਰਮਾ ਪੁੱਤ ਸਿਕੰਦਰ ਸ਼ਰਮਾ ਵਾਸੀ ਸਾਹੂਰੀਆ ਸੁਭਾਏ ਮਲਿਕ ਕਾਮਤ ਤੋਲਾ ਜਾਨਕੀ ਨਗਰ ਜ਼ਿਲ੍ਹਾ ਪੂਰਨੀਆ (ਬਿਹਾਰ) ਹਾਲ ਪਿੰਡ ਖੇੜੀ ਚੰਦਵਾਂ ਨੂੰ ਨਾਮਜ਼ਦ ਕੀਤਾ ਅਤੇ ਸੰਗਰੂਰ ਰੇਲਵੇ ਸਟੇਸ਼ਨ ਨੇੜਿਓਂ ਗ੍ਰਿਫਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਨਤੀਸ਼ ਸ਼ਰਮਾ ਦੀ ਪਹਿਲਾਂ ਤੋਂ ਹੀ ਪਰਮਜੀਤ ਕੌਰ ਤੇ ਗਲਤ ਨਜ਼ਰ ਸੀ। 25 ਫਰਵਰੀ ਨੂੰ ਮ੍ਰਿਤਕ ਪਰਮਜੀਤ ਕੌਰ ਘਰ ਵਿਚ ਇਕੱਲੀ ਸੀ, ਇਸ ਦੌਰਾਨ ਜਦੋਂ ਨਤੀਸ਼ ਸ਼ਰਮਾ ਖੇਤ ਤੋਂ ਘਰ ਆਇਆ ਤਾਂ ਉਸ ਨੇ ਪਰਮਜੀਤ ਕੌਰ ਨੂੰ ਇਕੱਲੀ ਦੇਖ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪਰਮਜੀਤ ਕੌਰ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਨੌਕਰ ਨਤੀਸ਼ ਸ਼ਰਮਾ ਨੇ ਗੁੱਸੇ ਵਿਚ ਆ ਕੇ ਪਰਮਜੀਤ ਕੌਰ ਦੇ ਸਿਰ ਉਤੇ ਕੁ-ਹਾੜੀ ਮਾਰ ਦਿੱਤੀ, ਜਿਸ ਕਾਰਨ ਪਰਮਜੀਤ ਕੌਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਉਸ ਤੋਂ ਬਾਅਦ ਦੋਸ਼ੀ ਨਤੀਸ਼ ਨੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਸ ਘਟਨਾ ਨੂੰ ਚੋਰੀ ਦਾ ਰੂਪ ਦੇਣ ਲਈ ਘਰ ਵਿੱਚ ਪਿਆ ਸਾਮਾਨ ਅਤੇ ਕੱਪੜੇ ਖਿਲਾਰ ਦਿੱਤੇ ਅਤੇ ਰਾਈਫਲ ਵੀ ਲੈ ਕੇ ਤੂੜੀ ਵਾਲੇ ਕੋਠੇ ਵਿੱਚ ਛੁਪਾ ਦਿੱਤੀ ਅਤੇ ਮੋਬਾਈਲ ਫੋਨ ਆਪਣੇ ਕਮਰੇ ਵਿੱਚ ਲੁਕਾ ਕੇ ਰੱਖ ਦਿੱਤਾ।