ਇਹ ਦੁੱਖ ਭਰਿਆ ਸਮਾਚਾਰ ਪੰਜਾਬ ਦੇ ਡੇਰਾਬੱਸੀ ਤੋਂ ਪ੍ਰਾਪਤ ਹੋਇਆ ਹੈ। ਇੱਥੇ ਇਕ ਟੈਂਕਰ ਦੀ ਲਪੇਟ ਵਿੱਚ ਆਉਣ ਦੇ ਕਾਰਨ 18 ਸਾਲ ਦੇ ਨੌਜਵਾਨ ਦੀ ਘਟਨਾ ਵਾਲੀ ਥਾਂ ਮੌਕੇ ਉਪਰ ਹੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕਰਨ ਸਿੰਘ ਨਾਮ ਦੇ ਰੂਪ ਵਜੋਂ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਚੰਡੀਗੜ੍ਹ ਵਿੱਚ ਆਈਲੈਟਸ ਕਰ ਰਿਹਾ ਸੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰਨ ਉਨ੍ਹਾਂ ਦਾ ਇਕੱਲਾ ਪੁੱਤ ਸੀ, ਜੋ ਆਪਣੀ ਕਲਾਸ ਪੂਰੀ ਕਰਨ ਤੋਂ ਬਾਅਦ ਵਾਪਸ ਪਿੰਡ ਨੂੰ ਆ ਰਿਹਾ ਹੈ।
ਉਸ ਦਾ ਤਾਇਆ ਦਵਿੰਦਰ ਸਿੰਘ ਉਸ ਨੂੰ ਡੇਰਾਬੱਸੀ ਤੋਂ ਸੈਦਪੁਰਾ ਮੋਟਰਸਾਈਕਲ ਉਤੇ ਲੈ ਕੇ ਗਿਆ ਸੀ ਅਤੇ ਉਹ ਸਟੇਸ਼ਨਰੀ ਲੈਣ ਲਈ ਦੁਕਾਨਾਂ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਸ਼ਾਮ ਕਰੀਬ ਸਾਢੇ ਸੱਤ ਵਜੇ ਬਰਨਾਲਾ ਵੱਲ ਜਾ ਰਹੇ ਦੇਹਰਾਦੂਨ ਨੰਬਰ ਪਲੇਟ ਵਾਲੇ ਆਕਸੀਜਨ ਟੈਂਕਰ ਨੇ ਕਰਨ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਟੈਂਕਰ ਦਾ ਟਾਇਰ ਉਸ ਦੇ ਪੇਟ ਤੋਂ ਲੰਘ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਪਹੁੰਚਦਾ ਕੀਤਾ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਕਰਨ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਕਰਨ ਸਿੰਘ ਨੇ ਕੁਝ ਮਹੀਨਿਆਂ ਦੇ ਬਾਅਦ ਵਿਦੇਸ਼ ਵਿਚ ਜਾਣਾ ਸੀ। ਉਸ ਦੇ ਪਿਤਾ ਨੇ ਵਿਦੇਸ਼ ਜਾਣ ਲਈ ਕੁਝ ਮਹੀਨੇ ਪਹਿਲਾਂ ਸੈਦਪੁਰਾ ਸਥਿਤ ਆਪਣਾ ਪਲਾਟ ਵੇਚ ਕੇ 18 ਲੱਖ ਰੁਪਏ ਇਕੱਠੇ ਕੀਤੇ ਸਨ। ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਨਹੀਂ ਸੀ। ਇਕੱਲੇ ਪੁੱਤ ਦੇ ਜਿੰਦਗੀ ਨੂੰ ਅਲਵਿਦਾ ਕਹਿ ਜਾਣ ਨੇ ਸਾਰੀਆਂ ਤਿਆਰੀਆਂ ਅਤੇ ਸੁਪਨੇ ਚਕਨਾਚੂਰ ਕਰ ਦਿੱਤੇ। ਇਸ ਸਬੰਧੀ ਜਾਂਚ ਅਧਿਕਾਰੀ ਏ. ਐਸ. ਆਈ. ਸਤਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਵਿੰਦਰ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਟੈਂਕਰ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।