ਜਿਲ੍ਹਾ ਜਲੰਧਰ ਦੇ ਲੋਹੀਆਂ ਖਾਸ ਨੇੜੇ ਇਕ ਲੜਕੀ ਦੀ ਮੌ-ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿਚ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਦੇ ਪਰਿਵਾਰ ਉਤੇ ਸਾਜ਼ਿਸ਼ ਦਾ ਦੋਸ਼ ਲਾਉਂਦੇ ਹੋਏ ਇਸ ਨੂੰ ਫਰਜ਼ੀ ਦੱਸਿਆ ਹੈ। ਬਲਵਿੰਦਰ ਸਿੰਘ ਪੁੱਤ ਗੁਰਮੁੱਖ ਸਿੰਘ ਵਾਸੀ ਪਿੰਡ ਠੱਟਾ, ਪੁਰਾਣਾ ਥਾਣਾ ਤਲਵੰਡੀ ਚੌਧਰੀਆਂ, ਜ਼ਿਲ੍ਹਾ ਕਪੂਰਥਲਾ ਨੇ ਸਥਾਨਕ ਪੁਲਿਸ ਕੋਲ ਬਿਆਨ ਦਰਜ ਕਰਾਇਆ ਅਤੇ ਦੱਸਿਆ ਕਿ ਉਸ ਦੀ ਲੜਕੀ ਸਰਬਜੀਤ ਕੌਰ ਨੇ ਐਮ. ਟੈਕ. ਦੀ ਪੜ੍ਹਾਈ ਤੋਂ ਬਾਅਦ ਸੀ. ਟੀ. ਇੰਸਟੀਚਿਊਟ ਵਿੱਚ 2 ਸਾਲ ਸਹਾਇਕ ਲੈਕਚਰਾਰ ਦੇ ਵਜੋਂ ਕੰਮ ਕੀਤਾ ਸੀ।
ਉਸ ਦੀ ਲੜਕੀ ਦੀ ਮੰਗਣੀ ਸਿਮਰਜੀਤ ਸਿੰਘ ਉਰਫ਼ ਗੁਰਿੰਦਰਜੀਤ ਪੁੱਤ ਅਵਤਾਰ ਸਿੰਘ ਫੱਤੂਵਾਲ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨਾਲ ਕਰੀਬ 3 ਸਾਲ ਪਹਿਲਾਂ ਹੋਈ ਸੀ। ਕੁਝ ਸਮੇਂ ਬਾਅਦ ਲੜਕੇ ਦੇ ਪਰਿਵਾਰ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਉਕਤ ਲੜਕਾ ਸਿਮਰਜੀਤ ਸਿੰਘ ਉਰਫ਼ ਗੁਰਿੰਦਰਜੀਤ ਮੇਰੀ ਲੜਕੀ ਦੇ ਸੰਪਰਕ ਵਿਚ ਸੀ ਅਤੇ ਵਿਆਹ ਕਰਵਾਉਣ ਦੇ ਲਾਰੇ ਲਾਉਂਦਾ ਰਿਹਾ। ਕਰੀਬ 15 ਦਿਨ ਪਹਿਲਾਂ ਸਿਮਰਜੀਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਕਪੂਰਥਲਾ ਦੀ ਇਕ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ। ਉਸ ਦੀ ਲੜਕੀ ਸਿਮਰਜੀਤ ਸਿੰਘ ਦੇ ਵਿਆਹ ਉਤੇ ਇਤਰਾਜ਼ ਕਰਦੀ ਸੀ।
ਸ਼ੁੱਕਰਵਾਰ ਨੂੰ ਜਦੋਂ ਉਸ ਦੀ ਲੜਕੀ ਘਰ ਤੋਂ ਟਿਊਸ਼ਨ ਸੈਂਟਰ ਸੁਲਤਾਨਪੁਰ ਲੋਧੀ ਆਈ ਸੀ। ਬਾਅਦ ਦੁਪਹਿਰ ਉਨ੍ਹਾਂ ਨੂੰ ਜੋਸਨ ਹਸਪਤਾਲ ਲੋਹੀਆਂ ਖਾਸ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਸਰਬਜੀਤ ਕੌਰ ਨਾਲ ਹਾਦਸਾ ਹੋ ਗਿਆ ਹੈ। ਉਹ ਇਲਾਜ ਅਧੀਨ ਹੈ। ਉਹ ਆਪਣੇ ਭਰਾ ਸਰਵਣ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਜੋਸਨ ਹਸਪਤਾਲ ਲੋਹੀਆਂ ਖਾਸ ਪਹੁੰਚੇ ਜਿੱਥੇ ਲੜਕੀ ਨੇ ਦਮ ਤੋੜ ਦਿੱਤਾ। ਮੌਕੇ ਉਤੇ ਜਾਂਚ ਕਰਨ ਤੇ ਪਤਾ ਲੱਗਾ ਕਿ ਸਿਮਰਜੀਤ ਸਿੰਘ ਉਸ ਦੀ ਲੜਕੀ ਨੂੰ ਆਪਣੀ ਕਾਰ ਵਿਚ ਲੈ ਕੇ ਸੁਲਤਾਨਪੁਰ ਲੋਧੀ ਲੋਹੀਆਂ ਵਾਲੇ ਪਾਸੇ ਆ ਰਿਹਾ ਸੀ। ਉਸ ਨੇ ਕਥਿਤ ਤੌਰ ਉਤੇ ਬਾਬਾ ਬੋਹੜੀ ਲੋਹੀਆਂ ਨੇੜੇ ਕਾਰ ਦਾ ਖੱਬਾ ਪਾਸਾ ਕਿੱਕਰ ਨਾਲ ਮਾਰ ਕੇ ਫਰਜ਼ੀ ਹਾਦਸਾ ਕੀਤਾ ਹੈ।
ਸਿਮਰਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਲੜਕੀ ਨੂੰ ਜ਼ਖਮੀ ਹਾਲ ਵਿਚ ਜੋਸਨ ਹਸਪਤਾਲ ਲੈ ਕੇ ਆਏ ਅਤੇ ਉਸ ਨੂੰ ਭਰਤੀ ਕਰਾਏ ਬਿਨਾਂ ਉਸ ਦਾ ਮੋਬਾਇਲ ਫੋਨ ਲੈ ਕੇ ਹਸਪਤਾਲ ਤੋਂ ਫਰਾਰ ਹੋ ਗਏ। ਉਨ੍ਹਾਂ ਨੇ ਕਾਰ ਹਾਦਸੇ ਦਾ ਸਿਰਫ ਦਿਖਾਵਾ ਕੀਤਾ ਹੈ। ਲੜਕੀ ਨੂੰ ਮਾਰ ਦੇਣ ਅਤੇ ਉਸ ਨੂੰ ਆਪਣੇ ਰਸਤੇ ਤੋਂ ਹਟਾਉਣ ਦੀ ਨੀਅਤ ਨਾਲ ਸਿਮਰਜੀਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇੱਕ ਚਾਲ ਤਹਿਤ ਇਸ ਹਾਦਸੇ ਨੂੰ ਅੰਜਾਮ ਦਿੱਤਾ ਹੈ। ਸਥਾਨਕ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।