ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਅੰਦਰ ਆਉਂਦੇ ਟਾਂਡਾ ਵਿਚ ਲੁੱਟ ਦੀ ਵਾਰ-ਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਿਆਣੀ ਪੁਲ ਉਤੇ ਲੁੱਟ ਦੌਰਾਨ ਸਕੂਟਰੀ ਦੀ ਟ੍ਰੈਕਟਰ ਨਾਲ ਟੱਕਰ ਹੋਣ ਕਾਰਨ ਦੋ ਬੱਚਿਆਂ ਦੀ ਮੌ-ਤ ਹੋ ਗਈ ਸੀ। ਜਦੋਂ ਕਿ ਸਕੂਟਰੀ ਚਲਾ ਰਹੀ ਮਹਿਲਾ ਜ਼ਖਮੀ ਹੋ ਗਈ ਸੀ। ਦੋਸ਼ੀਆਂ ਨੇ ਮਹਿਲਾ ਤੋਂ ਪਰਸ ਖੋਹ ਲਿਆ ਸੀ। ਉਸ ਪਰਸ ਵਿਚ 30 ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਫੋਨ ਤੇ ਹੋਰ ਦਸਤਾਵੇਜ਼ ਸਨ। ਇਸ ਘਟਨਾ ਦੌਰਾਨ ਇਕ ਦੁਕਾਨ ਦੇ ਬਾਹਰ ਲੱਗੇ CCTV ਕੈਮਰਿਆਂ ਵਿਚ ਦੋਸ਼ੀਆਂ ਦੇ ਚੇਹਰੇ ਕੈਦ ਹੋ ਗਏ ਸਨ। ਪੁਲਿਸ ਨੇ ਤਕਨੀਕੀ ਮਾਧਿਅਮਾਂ ਅਤੇ ਆਪਣੇ ਨੈੱਟਵਰਕ ਰਾਹੀਂ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਡੀ. ਐਸ. ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਬਾਰੇ ਸੂਚਨਾ ਸੀ। ਪੁਲਿਸ ਨੇ ਨਾਕਾ ਲਾਇਆ ਹੋਇਆ ਸੀ। ਜਿਵੇਂ ਹੀ ਲੁਟੇਰੇ ਨਾਕੇ ਉਤੇ ਪਹੁੰਚੇ ਤਾਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਨਾਕੇ ਉਤੇ ਆਪਣਾ ਮੋਟਰਸਾਈਕਲ ਰੋਕਣ ਦੀ ਬਜਾਏ ਦੋਸ਼ੀ ਫ਼ਰਾਰ ਹੋ ਗਏ। ਜਦੋਂ ਉਨ੍ਹਾਂ ਨੇ ਪਿੱਛਾ ਕੀਤਾ ਤਾਂ ਦੋਸ਼ੀਆਂ ਦਾ ਮੋਟਰਸਾਈਕਲ ਘਬਰਾਹਟ ਵਿਚ ਡਿੱਗ ਪਿਆ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਡੀ. ਐਸ. ਪੀ. ਨੇ ਦੱਸਿਆ ਕਿ ਦੋਵਾਂ ਦੀ ਪਹਿਚਾਣ ਸਿਮਰਜੀਤ ਸਿੰਘ ਉਰਫ਼ ਸਿਮਰ ਅਤੇ ਰਾਜਵੀਰ ਸਿੰਘ ਉਰਫ਼ ਰਾਜ ਦੇ ਰੂਪ ਵਜੋਂ ਹੋਈ ਹੈ। ਦੋਵਾਂ ਕੋਲੋਂ ਵੱਡੀ ਮਾਤਰਾ ਵਿਚ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।
ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿਚ ਲੁਟੇਰਿਆਂ ਨੇ ਸਿਰਫ ਪ੍ਰਭਜੀਤ ਦਾ ਪਰਸ ਨਹੀਂ ਖੋਹਿਆ ਸਗੋਂ ਉਸ ਦੀਆਂ ਸਾਰੀਆਂ ਖੁਸ਼ੀਆਂ ਨੂੰ ਵੀ ਖੋਹ ਲਿਆ। ਜਿਸ ਘਰ ਦੇ ਚਿਰਾਗ ਗੁਰਬੇਜ ਨੂੰ ਲੱਖਾਂ ਸੁੱਖਣਾ ਮੰਗ ਕੇ ਵਿਆਹ ਤੋਂ 20 ਸਾਲ ਬਾਅਦ ਲਿਆ ਸੀ ਉਸ ਨੂੰ ਬੁਝਾ ਦਿੱਤਾ। 5 ਮਾਰਚ ਨੂੰ ਪਰਿਵਾਰ ਨੇ ਛੇ ਸਾਲਾ ਗੁਰਬੇਜ ਸਿੰਘ ਦੀ ਸੁੱਖ ਪੂਰੀ ਹੋਣ ਦਾ ਸ਼ੁਕਰਾਨਾ ਕਰਨ ਲਈ ਹਜ਼ੂਰ ਸਾਹਿਬ ਜਾਣਾ ਸੀ। ਪਰ ਇਸ ਤੋਂ ਪਹਿਲਾਂ ਘਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਪਿੰਡ ਪੂਲਪੁਖਤਾ ਦੇ ਤਰਨਜੀਤ ਸਿੰਘ ਦੀ ਪਤਨੀ ਪ੍ਰਭਜੀਤ ਕੌਰ ਹਜ਼ੂਰ ਸਾਹਿਬ ਦੇ ਸ਼ੁਕਰਾਨੇ ਲਈ ਜਾਣ ਤੋਂ ਪਹਿਲਾਂ ਤਿਆਰੀਆਂ ਵਿੱਚ ਲੱਗੀ ਹੋਈ ਸੀ। ਉਹ ਪੇਕੇ ਪਿੰਡ ਛਾਂਗਲਾ ਮਿਲਣ ਗਈ ਸੀ। ਉਥੋਂ ਸਕੂਟਰੀ ਉਤੇ ਵਾਪਸ ਆ ਰਹੀ ਸੀ ਕਿ ਰਸਤੇ ਵਿਚ ਉਸ ਦਾ ਸਾਰਾ ਸੰਸਾਰ ਵਿਖਰ ਗਿਆ।
ਦੋਸ਼ੀਆਂ ਨੇ ਉਸ ਨੂੰ ਅਜਿਹਾ ਝਟਕਾ ਦਿੱਤਾ ਕਿ ਉਸ ਦਾ ਸਭ ਕੁਝ ਲੁੱਟ ਲਿਆ। ਘਰ ਵਿੱਚ ਖੁਸ਼ੀ ਦੀ ਥਾਂ ਸੋਗ ਛਾ ਗਿਆ ਅਤੇ ਸਾਰੀਆਂ ਤਿਆਰੀਆਂ ਧਰੀਆਂ ਰਹਿ ਗਈਆਂ। ਲੁੱਟ ਦੀ ਵਾਰਦਾਤ ਤੋਂ ਬਾਅਦ ਜਿਵੇਂ ਹੀ ਪ੍ਰਭਜੀਤ ਦੋਸ਼ੀਆਂ ਦਾ ਪਿੱਛਾ ਕਰਨ ਲਈ ਪਿੱਛੇ ਮੁੜੀ ਤਾਂ ਹੰਗਾਮੇ ਵਿੱਚ ਸਕੂਟਰੀ ਦਾ ਸੰਤੁਲਨ ਵਿਗੜ ਗਿਆ। ਸਕੂਟਰੀ ਅੱਗੇ ਜਾ ਰਹੇ ਟ੍ਰੈਕਟਰ ਟ੍ਰਾਲੀ ਨਾਲ ਟਕਰਾ ਗਈ। ਸਕੂਟਰੀ ਉਤੇ ਸਵਾਰ ਪ੍ਰਭਜੀਤ ਦੇ ਪੁੱਤ ਗੁਰਬੇਜ ਸਿੰਘ ਅਤੇ ਉਸ ਦੀ ਚਚੇਰੀ ਭੈਣ ਗਗਨਦੀਪ ਕੌਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।