ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਨਜ਼ਦੀਕ ਪੈਂਦੇ ਪਿੰਡ ਗੋਨਿਆਣਾ ਕਲਾਂ ਤੋਂ ਸੋਗ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਗੋਨਿਆਣਾ ਵਿਖੇ ਮੋਟਰਸਾਈਕਲ ਉਤੇ ਹੋਲੀ ਖੇਡਣ ਜਾ ਰਹੇ ਨੌਜਵਾਨਾਂ ਨਾਲ ਹਾਦਸਾ ਹੋ ਗਿਆ। ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟ੍ਰੈਕਟਰ ਟ੍ਰਾਲੀ ਦੇ ਨਾਲ ਨੌਜਵਾਨਾਂ ਦੀ ਟੱਕਰ ਹੋ ਗਈ ਜਿਸ ਵਿਚ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ 1 ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਜ਼ਖਮੀ ਨੌਜਵਾਨ ਦਾ ਸਿਵਲ ਹਸਪਤਾਲ ਗੋਨਿਆਣਾ ਵਿਖੇ ਇਲਾਜ ਚੱਲ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਉਮਰ 17 ਤੋਂ 20 ਸਾਲ ਦੱਸੀ ਜਾ ਰਹੀ ਹੈ।
ਕੱਲ੍ਹ ਹੋਲੀ ਦੇ ਮੌਕੇ ਤੇ ਤਿੰਨ ਨੌਜਵਾਨਾਂ ਵਿੱਚੋਂ ਦੋ ਭਾਈ ਜੋਬਨਪ੍ਰੀਤ ਸਿੰਘ ਅਤੇ ਹੁਸ਼ਨਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ ਅਤੇ ਉਨ੍ਹਾਂ ਦਾ ਦੋਸਤ ਗੁਰਨੂਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਗੋਨਿਆਣਾ ਕਲਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਹੋਲੀ ਖੇਡਣ ਜਾ ਰਹੇ ਸਨ। ਇਸ ਦੌਰਾਨ ਪਿੰਡ ਦੇ ਹੀ ਇਕ ਟ੍ਰੈਕਟਰ ਟ੍ਰਾਲੀ ਡਰਾਈਵਰ ਜਗਸੀਰ ਸਿੰਘ ਸੀਰਾ ਪੁੱਤਰ ਬਿੱਲੂ ਸਿੰਘ ਵਾਸੀ ਗੋਨਿਆਣਾ ਕਲਾਂ ਨੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਤਿੰਨੋਂ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਪਿੰਡ ਵਾਸੀਆਂ ਜ਼ਖਮੀਆਂ ਨੂੰ ਇਲਾਜ ਦੇ ਲਈ ਗੋਨਿਆਣਾ ਕਲਾਂ ਦੇ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਰਸਤੇ ਵਿੱਚ ਜੋਬਨਪ੍ਰੀਤ ਸਿੰਘ ਅਤੇ ਗੁਰਨੂਰ ਸਿੰਘ ਦੀ ਮੌ-ਤ ਹੋ ਗਈ ਜਦੋਂ ਕਿ ਹੁਸ਼ਨਪ੍ਰੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਨੇਹੀਆਂਵਾਲਾ ਦੀ ਪੁਲਿਸ ਵੀ ਪਹੁੰਚ ਗਈ ਅਤੇ ਪੁਲਿਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਬੱਗਾ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਜਗਸੀਰ ਸਿੰਘ ਸੀਰਾ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।