ਇਹ ਖਬਰ ਪੰਜਾਬ ਦੇ ਜਿਲ੍ਹਾ ਮੋਗਾ ਤੋਂ ਪ੍ਰਾਪਤ ਹੋਈ ਹੈ। ਮੋਗੇ ਦੇ ਕਸਬਾ ਬਾਘਾਪੁਰਾਣਾ ਨਿਹਾਲ ਸਿੰਘ ਵਾਲਾ ਰੋਡ ਉਤੇ ਪਿੰਡ ਮਧੇਕੇ ਕੋਲ ਇੱਕ ਤੇਜ਼ ਸਪੀਡ ਅਲਟੋ ਕਾਰ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਵੱਜ ਗਈ। ਇਸ ਹਾਦਸੇ ਵਿੱਚ ਕਾਰ ਡਰਾਈਵਰ ਮਨਜੀਤ ਸਿੰਘ ਉਮਰ 32 ਸਾਲ ਦੀ ਮੌ-ਤ ਹੋ ਗਈ। ਮ੍ਰਿਤਕ ਨਿਹਾਲ ਸਿੰਘ ਵਾਲਾ ਵਿੱਚ ਆੜ੍ਹਤ ਦਾ ਕੰਮ ਕਰਦਾ ਸੀ। ਉਸ ਦੇ ਦਾਦਾ ਅਜੀਤ ਸਿੰਘ ਦੋ ਹਫ਼ਤੇ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਸ ਦੀ 5 ਮਾਰਚ ਨੂੰ ਮੌ-ਤ ਹੋ ਗਈ ਸੀ।
ਜਾਣਕਾਰੀ ਦਿੰਦਿਆਂ ਥਾਣਾ ਨਿਹਾਲ ਸਿੰਘ ਵਾਲਾ ਦੇ ਇੰਸਪੈਕਟਰ ਬੇਅੰਤ ਸਿੰਘ ਨੇ ਦੱਸਿਆ ਕਿ ਪਿੰਡ ਲੰਗੇਆਣਾ ਪੁਰਾਣਾ ਵਾਸੀ ਕੁਲਵਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਪਤੀ ਮਨਜੀਤ ਸਿੰਘ ਦੀ ਨਿਹਾਲ ਸਿੰਘ ਵਾਲਾ ਵਿੱਚ ਸਾਂਝੇਦਾਰੀ ਵਿਚ ਆੜ੍ਹਤ ਦੀ ਦੁਕਾਨ ਹੈ। ਉਸ ਦਾ ਪਤੀ ਸ਼ੁੱਕਰਵਾਰ ਨੂੰ ਆਪਣੇ ਹਿੱਸੇਦਾਰ ਨੂੰ ਲੈਣ ਆਲਟੋ ਕਾਰ ਵਿਚ ਆਪਣੇ ਪਿੰਡ ਸੈਦੋਕੇ ਜਾ ਰਿਹਾ ਸੀ ਕਿ ਰਸਤੇ ਵਿਚ ਪਿੰਡ ਮਧੇਕੇ ਨੇੜੇ ਚਾਣਚੱਕ ਉਸ ਦੇ ਪਤੀ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਕਿੱਕਰ ਦੇ ਦਰੱਖਤ ਨਾਲ ਜਾ ਕੇ ਟਕਰਾਅ ਗਈ।
ਇਸ ਹਾਦਸੇ ਵਿਚ ਉਸ ਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਸ ਦੇ ਪਤੀ ਨੂੰ ਰਾਹਗੀਰਾਂ ਨੇ ਨਿਹਾਲ ਸਿੰਘ ਵਾਲਾ ਦੇ ਹਸਪਤਾਲ ਵਿੱਚ ਭਰਤੀ ਕਰਾਇਆ। ਜਿੱਥੇ ਇਲਾਜ ਦੌਰਾਨ ਉਸ ਦੇ ਪਤੀ ਦੀ ਮੌ-ਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਉਹ ਨਿਹਾਲ ਸਿੰਘ ਵਾਲਾ ਹਸਪਤਾਲ ਪਹੁੰਚੀ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਉਸ ਦੇ ਬਿਆਨਾਂ ਉਤੇ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਦਾਦਾ ਸਹੁਰਾ ਅਜੀਤ ਸਿੰਘ ਦੀ 24 ਫਰਵਰੀ ਨੂੰ ਦਿਲ ਦਾ ਅਟੈਕ ਆ ਜਾਣ ਕਾਰਨ ਮੌ-ਤ ਹੋ ਗਈ ਸੀ ਅਤੇ 5 ਮਾਰਚ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ (ਭੋਗ ਪਿਆ) ਹੋਈ ਸੀ।