ਜ਼ਿਲ੍ਹਾ ਪਟਿਆਲਾ ਦੇ ਸਮਾਣਾ ਵਿਖੇ ਪੰਜਾਬ ਪੁਲਿਸ ਦੇ ਸੇਵਾਮੁਕਤ ਐਸ. ਆਈ. ਹਰੀਪਾਲ ਸਿੰਘ ਦੀ ਸ਼ੁੱਕਰਵਾਰ ਨੂੰ ਸ਼ੰਕਾ ਭਰੇ ਹਾਲ ਵਿਚ ਮੌ-ਤ ਹੋਣ ਦੀ ਖਬਰ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਹਰੀਪਾਲ ਸਿੰਘ ਸੇਵਾਮੁਕਤੀ ਤੋਂ ਬਾਅਦ ਬ੍ਰਾਹਮਣ ਸਭਾ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਸਨ, ਉਹ ਆਪਣੇ ਨਿਵਾਸ ਸਥਾਨ ਜੱਟਾ ਪੱਤੀ ਮੁਹੱਲੇ ਵਿੱਚ ਪੀਰ ਦੀ ਦਰਗਾਹ ਦੀ ਸੇਵਾ ਵੀ ਕਰ ਰਹੇ ਸਨ। ਅੱਜਕੱਲ੍ਹ ਵੀ ਉਹ ਆਪਣਾ ਜ਼ਿਆਦਾਤਰ ਸਮਾਂ ਦਰਗਾਹ ਉਤੇ ਹੀ ਬਿਤਾਉਂਦੇ ਸੀ ਅਤੇ ਅਕਸਰ ਰਾਤ ਨੂੰ ਦਰਗਾਹ ਤੇ ਹੀ ਠਹਿਰਦੇ ਸਨ। ਪਰ ਸ਼ੁੱਕਰਵਾਰ ਨੂੰ ਹਰੀਪਾਲ ਸਿੰਘ ਦੀ ਦੇਹ ਦਰਗਾਹ ਦੇ ਨੇੜੇ ਇਕ ਕਮਰੇ ਵਿਚ ਫਰਸ਼ ਤੇ ਲਥ-ਪਥ ਪਈ ਮਿਲੀ ਅਤੇ ਕਮਰੇ ਦੇ ਬੈੱਡ ਉਤੇ ਬੰਦੂਕ ਪਈ ਮਿਲਣ ਤੋਂ ਬਾਅਦ ਵੱਖੋ ਵੱਖ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ।
ਸਵੇਰੇ ਕਰੀਬ 11 ਵਜੇ ਤੱਕ ਜਦੋਂ ਹਰੀਪਾਲ ਸਿੰਘ ਮੰਦਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਏ ਤਾਂ ਉਹ ਉਨ੍ਹਾਂ ਨੂੰ ਮੰਦਰ ਚੋਂ ਬਾਹਰ ਨਿਕਲਦੇ ਦਿਖ ਰਹੇ ਸਨ ਪਰ ਇਸ ਤੋਂ ਬਾਅਦ ਉਹ ਮੰਦਰ ਦੇ ਅੰਦਰ ਚਲੇ ਗਏ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਨੇੜੇ ਦੇ ਲੋਕ ਪੀਰ ਦੀ ਦਰਗਾਹ ਦੇ ਅੰਦਰ ਗਏ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਹਰੀਪਾਲ ਦੇ ਗਲ ਵਿਚ ਗੋ-ਲੀ ਲੱਗੀ ਅਤੇ ਉਹ ਜ਼ਮੀਨ ਉਤੇ ਮ੍ਰਿਤਕ ਹਾਲ ਵਿਚ ਡਿੱਗੇ ਹੋਏ ਸਨ। ਇਸ ਘਟਨਾ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
ਦੇਹ ਤੋਂ ਸਾਫ ਜਾਪਦਾ ਸੀ ਕਿ ਉਨ੍ਹਾਂ ਨੇ ਖੁਦ ਹੀ ਗੋ-ਲੀ ਨਾਲ ਆਪਣੀ ਜਿੰਦਗੀ ਸਮਾਪਤ ਕਰ ਲਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਜੀ. ਐਸ. ਸਿਕੰਦ ਡੀ. ਐਸ. ਪੀ. ਸੌਰਭ ਜਿੰਦਲ ਅਤੇ ਸੀ. ਆਈ. ਏ. ਇੰਚਾਰਜ ਵਿਜੇ ਕੁਮਾਰ ਦੇ ਨਾਲ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਪੂਰੇ ਇਲਾਕੇ ਦਾ ਮੁਆਇਨਾ ਕਰਨ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮੀਡੀਆ ਵਲੋਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਘਟਨਾ ਸਬੰਧੀ ਕੁਝ ਵੀ ਦੱਸਣ ਤੋਂ ਅਸਮਰੱਥਾ ਪ੍ਰਗਟਾਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਕਿਸੇ ਸਿੱਟੇ ਉਤੇ ਪਹੁੰਚਿਆ ਜਾ ਸਕਦਾ ਹੈ।
ਇਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਹਰੀਪਾਲ ਦੇ ਦੋ ਬੇਟੇ ਅਤੇ ਇਕ ਬੇਟੀ ਹੈ ਅਤੇ ਉਹ ਵਿਦੇਸ਼ ਰਹਿੰਦੇ ਹਨ। ਮੌਜੂਦਾ ਸਮੇਂ ਵਿੱਚ ਉਹ ਆਪਣੀ ਪਤਨੀ ਕਮਲਾ ਸ਼ਰਮਾ ਦੇ ਨਾਲ ਰਹਿ ਰਹੇ ਸੀ ਪਰ ਜ਼ਿਆਦਾਤਰ ਸਮਾਂ ਉਹ ਪੀਰ ਦੀ ਦਰਗਾਹ ਦੇ ਨਾਲ ਲੱਗਦੇ ਕਮਰੇ ਵਿੱਚ ਹੀ ਸੇਵਾ ਕਰਦਾ ਸੀ। ਉਸ ਦੀ ਲੜਕੀ ਦਾ ਵਿਆਹ ਨਾਭਾ ਵਿਖੇ ਹੋਇਆ ਹੈ ਅਤੇ ਉਹ ਇਸ ਸਮੇਂ ਇੱਥੇ ਰਹਿ ਰਹੀ ਸੀ।