ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੁੰਦਾ। ਮਿਹਨਤੀ ਲੋਕ ਇਕ ਨਾ ਇਕ ਦਿਨ ਕਾਮਯਾਬੀ ਹਾਸਲ ਕਰ ਹੀ ਲੈਂਦੇ ਹਨ। ਬਹੁਤੇ ਲੋਕ ਛੋਟੀ ਉਮਰ ਵਿੱਚ ਕੁਝ ਸੁਪਨੇ ਦੇਖਦੇ ਹਨ। ਪਰ ਉਮਰ ਦੇ ਨਾਲ ਉਹ ਸੁਪਨੇ ਵੀ ਟੁੱਟਣ ਲੱਗਦੇ ਹਨ ਅਤੇ ਇਨਸਾਨ ਨੂੰ ਉਸ ਦਿਸ਼ਾ ਵਿੱਚ ਜਾਣਾ ਪੈਂਦਾ ਹੈ ਜਿਸ ਦਿਸ਼ਾ ਵਿੱਚ ਜ਼ਿੰਦਗੀ ਉਸ ਨੂੰ ਲੈ ਜਾਂਦੀ ਹੈ। ਹੁਣ ਇੱਕ ਧੀ ਨੇ ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕਰਕੇ ਆਪਣੇ ਪਿਤਾ ਦਾ ਮਾਣ ਵਧਾਇਆ ਹੈ। ਇਹ ਸਪਨਾ ਜੰਬੂਸਰ ਦੇ ਬਾਹਰਵਾਰ ਪਿੰਡ ਕਿਮੋਜ ਵਿੱਚ ਰਹਿਣ ਵਾਲੇ ਦੂਬੇ ਪਰਿਵਾਰ ਦੀ ਧੀ ਉਰਵਾਸ਼ੀ (Urvashi) ਨੇ ਇਹ ਸੁਪਨਾ ਸਾਕਾਰ ਕੀਤਾ ਹੈ।
ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਉਸ ਨੇ ਇੱਕ ਹਵਾਈ ਜਹਾਜ਼ ਨੂੰ ਅਸਮਾਨ ਵਿੱਚ ਉੱਡਦੇ ਦੇਖਿਆ ਤਾਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਵੀ ਇੱਕ ਦਿਨ ਹਵਾਈ ਜਹਾਜ ਨੂੰ ਉਡਾਵਾਂਗੀ। ਪਿਤਾ ਜੀ ਮੈਂ ਵੀ ਪਾਇਲਟ ਬਣਨਾ ਚਾਹੁੰਦੀ ਹਾਂ। ਇਸ ਤੋਂ ਬਾਅਦ ਉਰਵਾਸ਼ੀ ਨੇ ਆਪਣੇ ਸੁਪਨੇ ਦੀ ਉਡਾਣ ਭਰਨ ਦਾ ਫੈਸਲਾ ਕਰ ਲਿਆ। ਉਸ ਨੇ ਪਾਇਲਟ ਬਣਨ ਲਈ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਉਰਵਾਸ਼ੀ ਇੱਕ ਸਧਾਰਨ ਪਰਿਵਾਰ ਦੀ ਬੇਟੀ ਸੀ। ਉਸ ਦੇ ਪਿਤਾ ਖੇਤੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ਼ਦੇ ਸੀ ਅਤੇ ਪਰਿਵਾਰ ਕੱਚੇ ਮਕਾਨ ਵਿੱਚ ਰਹਿੰਦਾ ਸੀ।
ਪਰ ਉਰਵਾਸ਼ੀ ਦੇ ਸੁਪਨੇ ਪੱਕੇ ਸਨ ਅਤੇ ਅੱਜ ਉਸ ਨੇ ਕਮਰਸ਼ੀਅਲ ਪਾਇਲਟ ਬਣ ਕੇ ਆਪਣੇ ਪਿਤਾ, ਪਿੰਡ ਅਤੇ ਗੁਜਰਾਤ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਇੱਕ ਸਮਾਂ ਸੀ ਜਦੋਂ ਕੁਝ ਲੋਕਾਂ ਨੇ ਉਰਵਾਸ਼ੀ ਦੇ ਪਾਇਲਟ ਬਣਨ ਦੇ ਸੁਪਨੇ ਦਾ ਮਜ਼ਾਕ ਵੀ ਉਡਾਇਆ ਸੀ। ਪਰ ਉਰਵਾਸ਼ੀ ਉਤੇ ਇਸ ਦਾ ਕੋਈ ਅਸਰ ਨਹੀਂ ਪਿਆ ਅਤੇ ਉਹ ਆਪਣੇ ਜਨੂੰਨ ਅਤੇ ਮਿਹਨਤ ਪ੍ਰਤੀ ਪੱਕੀ ਰਹੀ ਅਤੇ ਹੁਣ ਉਹੀ ਲੋਕ ਜੋ ਪਾਇਲਟ ਬਣਨ ਦਾ ਮਜ਼ਾਕ ਉਡਾਉਂਦੇ ਸਨ ਅੱਜ ਉਸ ਨੂੰ ਸਾਬਾਸ਼ ਦੇ ਰਹੇ ਹਨ। ਉਰਵਾਸ਼ੀ ਦੇ ਪਿਤਾ ਅਸ਼ੋਕਭਾਈ ਦੂਬੇ ਇੱਕ ਆਮ ਕਿਸਾਨ ਹਨ ਅਤੇ ਉਸ ਦੀ ਮਾਂ ਨੀਲਮ ਬੇਨ ਇੱਕ ਘਰੇਲੂ ਮਹਿਲਾ ਹੈ।
ਮਾਂ ਪਿਉ ਵੀ ਆਪਣੀ ਬੇਟੀ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਆਰਥਿਕ ਹਾਲਤ ਇੰਨੀ ਚੰਗੀ ਨਹੀਂ ਸੀ। ਫਿਰ ਉਰਵਾਸ਼ੀ ਦੇ ਚਾਚਾ ਪੱਪੂ ਦੂਬੇ ਨੇ ਵੀ ਆਪਣੀ ਭਤੀਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਾਮੀ ਭਰ ਦਿੱਤੀ ਅਤੇ ਉਰਵਾਸ਼ੀ ਨੂੰ ਪਾਇਲਟ ਬਣਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੋ ਗਏ। ਪਰ ਅਜੇ ਵੀ ਮੁਸ਼ਕਲਾਂ ਉਰਵਾਸ਼ੀ ਦਾ ਸਾਥ ਨਹੀਂ ਛੱਡ ਰਹੀਆਂ ਸਨ, ਕਰੋਨਾ ਦੌਰ ਵਿਚ ਉਸ ਦੇ ਚਾਚਾ ਦੀ ਵੀ ਮੌ-ਤ ਹੋ ਗਈ ਅਤੇ ਦੁਬਾਰਾ ਆਰਥਿਕ ਸੰਕਟ ਆ ਗਿਆ।
ਪਰ ਫਿਰ ਵੀ ਉਰਵਾਸ਼ੀ ਅਤੇ ਉਸ ਦਾ ਪਰਿਵਾਰ ਸਖਤ ਮਿਹਨਤ ਕਰਦੇ ਰਹੇ ਅਤੇ ਆਖਰ ਇਹ ਸਾਬਤ ਕਰਨ ਵਿੱਚ ਸਫਲ ਹੋਏ ਕਿ ਸਖਤ ਮਿਹਨਤ ਦਾ ਕੋਈ ਬਦਲ ਨਹੀਂ ਹੈ। ਉਰਵਾਸ਼ੀ ਨੇ ਆਪਣੀ ਸ਼ੁਰੂਆਤੀ ਸਿੱਖਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਕੀਤੀ। ਇਥੇ ਉਸ ਨੇ ਆਪਣੇ ਅਧਿਆਪਕਾਂ ਅਤੇ ਸੀਨੀਅਰਾਂ ਨੂੰ ਪੁੱਛਿਆ ਕਿ ਉਸ ਨੂੰ 12ਵੀਂ ਜਮਾਤ ਵਿੱਚ ਗਣਿਤ ਦਾ ਵਿਸ਼ਾ ਲੈ ਕੇ ਪਾਇਲਟ ਬਣਨ ਲਈ ਕੀ ਕਰਨਾ ਚਾਹੀਦਾ ਹੈ। ਜੰਬੂਸਰ ਤੋਂ ਵਡੋਦਰਾ ਤੋਂ ਇੰਦੌਰ ਅਤੇ ਬਾਅਦ ਵਿੱਚ ਦਿੱਲੀ ਅਤੇ ਅੰਤ ਵਿੱਚ ਜਮਸ਼ੇਦਪੁਰ ਤੱਕ, ਉਰਵਾਸ਼ੀ ਦਾ ਸੁਪਨਾ ਉਦੋਂ ਪੂਰਾ ਹੋਇਆ ਜਦੋਂ ਉਸ ਨੇ ਆਪਣਾ ਵਪਾਰਕ ਪਾਇਲਟ ਲਾਇਸੈਂਸ ਪ੍ਰਾਪਤ ਕਰ ਲਿਆ।
ਉਰਵਾਸ਼ੀ ਨੂੰ ਪਾਇਲਟ ਬਣਨ ਲਈ ਕਾਫੀ ਜੱਦੋ ਜਹਿਦ ਕਰਨੀ ਪਈ, ਓਪਨ ਕੈਟਾਗਰੀ ਵਿਚ ਹੋਣ ਕਾਰਨ ਉਸ ਨੂੰ ਨਾ ਤਾਂ ਕੋਈ ਵਜ਼ੀਫਾ ਮਿਲਿਆ ਅਤੇ ਨਾ ਹੀ ਬੈਂਕ ਤੋਂ ਕੋਈ ਲੋਨ ਮਿਲਿਆ। ਇੰਨਾ ਹੀ ਨਹੀਂ ਇਸ ਪਰਿਵਾਰ ਨੇ ਸਕਿਓਰਿਟੀ ਕਾਰਨ ਪ੍ਰਾਈਵੇਟ ਲੋਨ ਵੀ ਨਹੀਂ ਲਿਆ। ਹਾਲਾਂਕਿ, ਉਸ ਨੇ ਸਖਤ ਮਿਹਨਤ ਅਤੇ ਕੁਝ ਲੋਕਾਂ ਦੀ ਮਦਦ ਨਾਲ ਪਾਇਲਟ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਲਿਆ।