ਹਰਿਆਣੇ ਸੂਬੇ ਦੇ ਪੰਚਕੂਲਾ ਦੇ ਸੈਕਟਰ -4 ਵਿੱਚ ਇੱਕ ਡਾਕਟਰ ਦੇ ਘਰ ਦੇ ਬਾਥਰੂਮ ਵਿੱਚੋਂ ਕੰਮ ਕਰਨ ਵਾਲੀ ਮਹਿਲਾ ਦੀ ਦੇਹ ਲਟਕ ਰਹੀ ਮਿਲੀ ਹੈ। ਇਸ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਮ੍ਰਿਤਕ ਦੀ ਪਹਿਚਾਣ ਨੇਪਾਲ ਦੀ ਰਹਿਣ ਵਾਲੀ ਚੰਪਾ ਨਾਮ ਦੇ ਰੂਪ ਵਜੋਂ ਹੋਈ ਹੈ। ਮੌ-ਤ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਪਾ ਨਾਮ ਦੀ ਮਹਿਲਾ ਸੈਕਟਰ-4 ਸਥਿਤ ਇੱਕ ਡਾਕਟਰ ਦੇ ਘਰ ਨੌਕਰਾਣੀ ਵਜੋਂ ਕੰਮ ਕਰਦੀ ਸੀ। ਵੀਰਵਾਰ ਦੀ ਸਵੇਰੇ ਕਰੀਬ ਸਾਢੇ 10 ਵਜੇ ਉਹ ਨਹਾਉਣ ਲਈ ਬਾਥਰੂਮ ਗਈ ਸੀ ਪਰ ਕਾਫੀ ਸਮਾਂ ਬੀਤ ਜਾਣ ਉਤੇ ਵੀ ਉਹ ਬਾਹਰ ਨਹੀਂ ਆਈ। ਇਸ ਤੋਂ ਬਾਅਦ ਮਕਾਨ ਮਾਲਕ ਨੇ ਕਈ ਵਾਰ ਆਵਾਜ ਲਾਈ ਪਰ ਚੰਪਾ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਸ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਪਰਿਵਾਰ ਵਾਲਿਆਂ ਨੇ ਤੁਰੰਤ ਆਪਣੇ ਗੁਆਂਢੀ ਦੇ ਡਰਾਈਵਰ ਨੂੰ ਬੁਲਾਇਆ। ਉਸ ਨੇ ਵੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਉਨ੍ਹਾਂ ਦੇ ਗੁਆਂਢ ਵਿੱਚ ਮਕਾਨ ਬਣਾਉਣ ਦਾ ਕੰਮ ਚੱਲ ਰਿਹਾ ਸੀ।
ਉਥੋਂ ਮਿਸਤਰੀ ਨੂੰ ਬੁਲਾਇਆ ਗਿਆ। ਉਸ ਨੇ ਦਰਵਾਜ਼ੇ ਦੀ ਕੁੰਡੀ ਨੂੰ ਤੋੜ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਬਾਥਰੂਮ ਵਿੱਚ ਚੰਪਾ ਦੇ ਗਲ ਵਿੱਚ ਫਾ-ਹਾ ਪਾਇਆ ਹੋਇਆ ਸੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਅਤੇ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਸੈਕਟਰ 5 ਥਾਣੇ ਦੇ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ। ਫਿਲਹਾਲ ਦੇਹ ਨੂੰ ਪੋਸਟ ਮਾਰਟਮ ਲਈ ਸੈਕਟਰ 6 ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਜਾ ਰਿਹਾ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।