ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕੇ ਲਹਿਰਾਗਾਗਾ ਤੋਂ ਇੱਕ ਬਹੁਤ ਹੀ ਮੰਦ-ਭਾਗੀ ਖ਼ਬਰ ਪ੍ਰਾਪਤ ਹੋਈ ਹੈ। ਇਥੇ ਕਰਜ਼ੇ ਕਾਰਨ ਦੁਖੀ ਪਤੀ ਅਤੇ ਪਤਨੀ ਨੇ ਆਪਣੀ ਜਿੰਦਗੀ ਸਮਾਪਤ ਕਰ ਲਈ ਹੈ। ਮ੍ਰਿਤਕਾਂ ਦੀ ਪਹਿਚਾਣ ਰਘਵੀਰ ਸਿੰਘ ਉਰਫ ਕਾਲਾ ਪੁੱਤ ਕਰਮ ਸਿੰਘ ਅਤੇ ਸੰਦੀਪ ਕੌਰ ਵਾਸੀ ਪਿੰਡ ਬਖੋਰਾ ਕਲਾਂ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਗੱਲ ਕਰਦਿਆਂ ਮ੍ਰਿਤਕ ਰਘਵੀਰ ਸਿੰਘ ਦੇ ਭਰਾ ਸੁਖਦਰਸ਼ਨ ਸਿੰਘ ਨੇ ਆਪਣੇ ਵਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਵੱਡਾ ਭਰਾ ਆਪਣੀ ਪਤਨੀ ਅਤੇ ਦੋ ਜੁਆਕ ਗੁਰਪ੍ਰੀਤ ਸਿੰਘ ਉਮਰ 8 ਸਾਲ ਅਤੇ ਰੋਮਾ ਕੌਰ ਉਮਰ 5 ਸਾਲ ਅਤੇ ਮਾਂ ਦੇ ਨਾਲ ਰਹਿ ਰਿਹਾ ਸੀ।
ਉਸ ਦੇ ਭਰਾ ਨੇ ਕਰਜ਼ਾ ਲੈ ਕੇ ਇਕ ਮਕਾਨ ਖਰੀਦਿਆ ਸੀ ਅਤੇ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਉਸ ਕਰਜ਼ੇ ਨੂੰ ਨਹੀਂ ਮੋੜ ਸਕਿਆ। ਜਿਸ ਕਾਰਨ ਦੋਵੇਂ ਜੀਅ ਮਾਨਸਿਕ ਤੌਰ ਤੇ ਦੁਖੀ ਰਹਿਣ ਲੱਗ ਪਏ। ਪਰਿਵਾਰਕ ਮੈਂਬਰਾਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਹੱਲ ਨਹੀਂ ਨਿਕਲਿਆ। ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਪਿੰਡ ਲਹਿਲ ਖੁਰਦ ਵਿੱਚ ਇੱਕ ਵਿਆਹ ਸਮਾਗਮ ਵਿੱਚ ਗਿਆ ਤਾਂ ਉਸ ਦੇ ਭਰਾ ਕਾਲਾ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਨੇ ਰਾਤ ਸਮੇਂ ਪਸ਼ੂਆਂ ਦੇ ਸ਼ੈੱਡ ਵਿੱਚ ਲੱਗੇ ਛੱਤ ਦੇ ਗਰਡਰ ਨਾਲ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ।
ਇਸ ਮਾਮਲੇ ਬਾਰੇ ਸੂਚਨਾ ਮਿਲਣ ਉਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ। ਦੂਜੇ ਪਾਸੇ ਪਿੰਡ ਦੇ ਸਰਪੰਚ ਅਤੇ ਹੋਰ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਯੋਗ ਮੁਆਵਜ਼ਾ ਵੀ ਦਿੱਤਾ ਜਾਵੇ।