ਪੰਜਾਬ ਵਿਚ ਫਿਰੋਜ਼ਪੁਰ ਤੋਂ ਫਾਜ਼ਿਲਕਾ ਮੁੱਖ ਮਾਰਗ ਉਤੇ ਪਿੰਡ ਖੈਫੇਮਿਕੀ ਦੇ ਬੱਸ ਸਟਾਪ ਨੇੜੇ ਸ਼ੁੱਕਰਵਾਰ ਸਵੇਰੇ ਮੀਂਹ ਕਾਰਨ ਟ੍ਰੈਕਸ ਜੀਪ ਤਿਲਕ ਕੇ ਉਲਟ ਦਿਸ਼ਾ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋ ਮਹਿਲਾ ਅਧਿਆਪਕਾਂ ਸਮੇਤ ਚਾਰ ਲੋਕਾਂ ਦੀ ਮੌ-ਤ ਹੋ ਗਈ। ਉਕਤ ਜੀਪ ਵਿਚ ਬਾਰਾਂ ਦੇ ਕਰੀਬ ਅਧਿਆਪਕ ਸਵਾਰ ਸਨ, ਜੋ ਰੋਜ਼ਾਨਾ ਡਿਊਟੀ ਉਤੇ ਜਲਾਲਾਬਾਦ ਤੋਂ ਤਰਨਤਾਰਨ ਦੇ ਸਰਕਾਰੀ ਸਕੂਲਾਂ ਨੂੰ ਜਾ ਰਹੇ ਸਨ। ਇਨਾ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਦੂਜੇ ਪਾਸੇ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਜੀਪ ਵਿਚ ਸਵਾਰ ਇੱਕ ਅਧਿਆਪਕ ਨੇ ਦੱਸਿਆ ਕਿ ਜੀਪ ਵਿਚ ਸਵਾਰ ਹੋ ਕੇ ਜਲਾਲਾਬਾਦ ਦੇ ਵੱਖੋ ਵੱਖ ਥਾਵਾਂ ਤੇ ਰਹਿੰਦੇ ਅਧਿਆਪਕ ਰੋਜ਼ਾਨਾ ਦੀ ਤਰ੍ਹਾਂ ਡਿਊਟੀ ਤੇ ਜਾ ਰਹੇ ਸਨ। ਸਵੇਰੇ ਸੱਤ ਵਜੇ ਦੇ ਕਰੀਬ ਜਦੋਂ ਉਨ੍ਹਾਂ ਦੀ ਜੀਪ ਪਿੰਡ ਖੈਫੇਮਿਕੀ ਨੇੜੇ ਪਹੁੰਚੀ ਤਾਂ ਡਰਾਈਵਰ ਨੇ ਬਰੇਕ ਲਗਾਈ ਤਾਂ ਮੀਂਹ ਕਾਰਨ ਜੀਪ ਤਿਲਕ ਗਈ ਅਤੇ ਉਲਟ ਦਿਸ਼ਾ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ05ਏਕੇ 1738 ਨਾਲ ਟਕਰਾ ਗਈ।
ਬੱਸ ਅਤੇ ਜੀਪ ਦੋਵਾਂ ਦੀ ਰਫ਼ਤਾਰ ਜ਼ਿਆਦਾ ਸੀ। ਇਸ ਹਾਦਸੇ ਵਿੱਚ ਜੀਪ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿੱਚ ਜੀਪ ਵਿੱਚ ਸਵਾਰ ਅਧਿਆਪਕਾ ਕੰਚਨ ਚੁੱਘ ਵਾਸੀ ਜਲਾਲਾਬਾਦ, ਮਨਿੰਦਰ ਕੌਰ ਵਾਸੀ ਪਿੰਡ ਕਾਮਰੇ ਵਾਲਾ, ਪ੍ਰਿੰਸ ਅਤੇ ਡਰਾਈਵਰ ਅਸ਼ੋਕ ਕੁਮਾਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਚਾਰ ਅਧਿਆਪਕ ਗੰਭੀਰ ਹਾਲ ਵਿਚ ਜ਼ਖਮੀ ਹਨ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਮਨਿੰਦਰ ਕੌਰ ਦੀ ਕੁਝ ਦਿਨ ਪਹਿਲਾਂ ਹੀ ਮੰਗਣੀ ਹੋਈ ਸੀ। ਉਹ ਵਲਟੋਹਾ ਬਲਾਕ ਦੇ ਸਰਕਾਰੀ ਸਕੂਲ ਵਿੱਚ ਕੰਮ ਕਰਦੀ ਸੀ। ਇਸੇ ਤਰ੍ਹਾਂ ਕੰਚਨ ਚੁੱਘ ਵੀ ਵਲਟੋਹਾ ਬਲਾਕ ਦੇ ਸਰਕਾਰੀ ਸਕੂਲ ਵਿੱਚ ਤਾਇਨਾਤ ਸੀ। ਰੋਜ਼ਨਾ ਆਪਣੇ ਸਾਥੀਆਂ ਨਾਲ ਜੀਪ ਉਤੇ ਜਲਾਲਾਬਾਦ ਤੋਂ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਣ ਜਾ ਰਹੀ ਸੀ, ਕੰਚਨ ਦੇ ਦੋ ਬੱਚੇ ਹਨ, ਜਿਨ੍ਹਾਂ ਵਿਚੋਂ ਇਕ ਦੀ ਉਮਰ 2 ਸਾਲ ਅਤੇ ਦੂਜੀ ਦੀ ਉਮਰ 7 ਸਾਲ ਹੈ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਇਹ ਹਾਦਸਾ ਹੋਇਆ ਤਾਂ ਉੱਥੇ ਰੌਲਾ ਪੈ ਗਿਆ ਲੋਕਾਂ ਨੇ ਨਿੱਜੀ ਵਾਹਨਾਂ ਨੂੰ ਰੋਕ ਕੇ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਹਸਪਤਾਲ ਵਿਚ ਪਹੁੰਚਾਇਆ। ਜੀਪ ਦੋ ਹਿੱਸਿਆਂ ਵਿੱਚ ਵੰਡੀ ਗਈ। ਅਧਿਆਪਕਾਂ ਨੂੰ ਬੜੀ ਮੁਸ਼ਕਲ ਨਾਲ ਜੀਪ ਵਿੱਚੋਂ ਬਾਹਰ ਕੱਢਿਆ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਇਸ ਸੜਕ ਉਤੇ ਅਧਿਆਪਕਾਂ ਨਾਲ ਸੜਕ ਹਾਦਸਾ ਵਾਪਰਦਾ ਹੈ।