ਪੰਜਾਬ ਵਿਚ ਗੁਰਦਾਸਪੁਰ ਜਿਲੇ ਦੇ ਪਿੰਡ ਮਸਤਕੋਟ ਕਲਾਨੌਰ ਵਿਚ ਸ਼ਿਕਾਇਤ ਦੇ ਆਧਾਰ ਉਤੇ ਪੁਲਿਸ ਨੇ ਸੰਦੇਹ ਹਾਲ ਵਿਚ ਮ੍ਰਿਤਕ ਮਹਿਲਾ ਦੀ ਦੇਹ ਨੂੰ ਕਬਰ ਵਿਚੋਂ ਬਾਹਰ ਕੱਢਵਾਇਆ ਹੈ। ਥਾਣਾ ਕਲਾਨੌਰ ਅਧੀਨ ਪੈਂਦੇ ਪਿੰਡ ਮਸਤਕੋਟ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਬੇਟੀ ਨੂੰ ਸ਼ੰਕਾ ਦੇ ਹਾਲ ਵਿੱਚ ਦਫ਼ਨਾਉਣ ਸਬੰਧੀ ਚਚੇਰੇ ਭਰਾ ਨੇ ਪੁਲਿਸ ਨੂੰ 112 ਨੰਬਰ ਉਤੇ ਸ਼ਿਕਾਇਤ ਦਿੱਤੀ ਸੀ।
ਇਸ ਦੇ ਤਹਿਤ ਐੱਸ. ਡੀ. ਐੱਮ. ਕਲਾਨੌਰ ਅਮਨਦੀਪ ਕੌਰ ਦੀਆਂ ਹਦਾਇਤਾਂ ਉਤੇ ਨਾਇਬ ਤਹਿਸੀਲਦਾਰ ਕਮਲਜੀਤ ਅਤੇ ਥਾਣਾ ਕਲਾਨੌਰ ਦੇ ਸਬ ਇੰਸਪੈਕਟਰ ਗੁਰਮੁੱਖ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਬਰਸਤਾਨ ਵਿਚ ਪਹੁੰਚ ਕੇ ਮ੍ਰਿਤਕ ਮਹਿਲਾ ਰਿਬੀਕਾ ਉਮਰ 20 ਸਾਲ ਪੁੱਤਰੀ ਯੂਸਫ ਦੀ ਦੇਹ ਨੂੰ ਕਬਰ ਵਿਚੋਂ ਕੱਢ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜਿਆ।
ਮ੍ਰਿਤਕ ਮਹਿਲਾ ਰਿਬੀਕਾ ਦੇ ਚਚੇਰੇ ਭਰਾ ਮੋਹਿਤ ਵਾਸੀ ਮਸਤਕੋਟ ਨੇ ਦੱਸਿਆ ਕਿ ਮ੍ਰਿਤਕ ਰਿਬਿਕਾ ਦਾ ਆਪਣੇ ਪਤੀ ਨਾਲ ਪਿਛਲੇ ਕਈ ਮਹੀਨੇ ਤੋਂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਹ ਆਪਣੇ ਪੇਕੇ ਘਰ ਆਪਣੇ ਪਿਤਾ ਅਤੇ ਮਤਰੇਈ ਮਾਂ ਦੇ ਨਾਲ ਰਹਿ ਰਹੀ ਸੀ। ਉਸ ਦੀ 21 ਮਾਰਚ ਨੂੰ ਮੌ-ਤ ਹੋ ਗਈ ਸੀ ਅਤੇ ਪਿੰਡ ਮਸਤਕੋਟ ਦੇ ਹੀ ਕਬਰਿਸਤਾਨ ਦਫਨਾ ਕੇ ਅੰਤਿਮ ਰਸਮਾਂ ਕਰ ਦਿੱਤੀਆਂ ਗਈਆਂ ਸੀ।
ਰਿਬੀਕਾ ਦੀ ਮੌ-ਤ ਸ਼ੱਕੀ ਹਾਲ ਵਿੱਚ ਹੋਣ ਦਾ ਪਤਾ ਲੱਗਣ ਤੇ ਅਸੀਂ ਇਸ ਸਬੰਧੀ 112 ਨੰਬਰ ਤੇ ਸ਼ਿਕਾਇਤ ਕੀਤੀ, ਜਿਸ ਉਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਮੌ-ਤ ਦੇ ਕਾਰਨਾਂ ਦਾ ਪਤਾ ਲਗਾ ਕੇ ਇਨਸਾਫ਼ ਦਿੱਤਾ ਜਾਵੇ। ਮੌਕੇ ਉਤੇ ਪੁੱਜੇ ਨਾਇਬ ਤਹਿਸੀਲਦਾਰ ਕਲਾਨੌਰ ਕਮਲਜੀਤ ਨੇ ਦੱਸਿਆ ਕਿ ਦੇਹ ਨੂੰ ਕਬਰ ਚੋਂ ਕੱਢ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਕਲਾਨੌਰ ਦੇ ਸਬ ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੇ ਬਣਦੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।