ਗੁਜਰੇ ਦਿਨ ਪੰਜਾਬ ਦੇ ਜਿਲ੍ਹਾ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਜੈਮਲ ਵਾਲਾ ਵਿੱਚ ਇੱਕ ਮਹਿਲਾ ਦੀ ਦੇਹ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਅੱਜ ਐੱਸ. ਪੀ. ਆਈ. ਅਜੇ ਰਾਜ ਵੱਲੋਂ ਐਸ. ਐਸ. ਪੀ. ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਕ-ਤ-ਲ ਦੀ ਗੁੱਥੀ ਸੁਲਝਾ ਲਈ ਗਈ ਹੈ। ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ।
ਕੀ ਹੈ ਮਾਮਲਾ 21 ਮਾਰਚ ਨੂੰ ਰਾਣੀ ਪਤਨੀ ਜਲੌਰ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਐੱਸ. ਆਈ. ਜਲਿੰਦਰ ਸਿੰਘ ਮੁੱਖ ਅਫਸਰ ਥਾਣਾ ਬਾਘਾਪੁਰਾਣਾ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਲੜਕੀ ਕਰਮਜੀਤ ਕੌਰ ਉਰਫ ਗੋਮਾ ਕਰੀਬ ਉਮਰ 24 ਸਾਲ ਦਾ ਵਿਆਹ 2015 ਵਿੱਚ ਗੁਰਮੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਨਾਲ ਹੋਇਆ ਸੀ। ਪਤੀ ਗੁਰਮੀਤ ਸਿੰਘ ਨਾਲ ਮਤਭੇਦ ਹੋਣ ਕਾਰਨ ਮਾਰਚ 2022 ਵਿੱਚ ਉਸ ਦਾ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਕਰਮਜੀਤ ਕੌਰ ਅਤੇ ਦੋਹਤੀ ਅਗਮਪ੍ਰੀਤ ਕੌਰ ਉਸ ਦੇ ਨਾਲ ਹੀ ਰਹਿੰਦੀਆਂ ਸਨ। ਕਰਮਜੀਤ ਕੌਰ ਇੱਕ ਸੈਲੂਨ ਵਿੱਚ ਕੰਮ ਕਰਦੀ ਸੀ।
ਉਹ 20 ਮਾਰਚ ਦੀ ਸ਼ਾਮ ਨੂੰ ਆਪਣੀ ਐਕਟਿਵਾ ਸਕੂਟਰੀ ਉਤੇ ਗਈ ਸੀ ਅਤੇ ਘਰ ਵਾਪਸ ਨਹੀਂ ਆਈ। ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੀ ਦੇਹ ਸਿਵਲ ਹਸਪਤਾਲ ਮੋਗਾ ਦੀ ਮੋਰਚਰੀ ਵਿਚ ਪਈ ਹੈ। ਜੋ ਥਾਣਾ ਬਾਘਾਪੁਰਾਣਾ ਦੇ ਏਰੀਏ ਵਿਚੋਂ ਮਿਲੀ ਹੈ। ਇਸ ਸਬੰਧੀ ਜਦੋਂ ਰਾਣੀ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਪਰਉਪਕਾਰ ਸਿੰਘ ਉਰਫ਼ ਸੋਨੀ ਦੀ ਉਸ ਦੀ ਲੜਕੀ ਨਾਲ ਦੋਸਤੀ ਸੀ, ਜੋ ਅਕਸਰ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਸੀ। 20 ਮਾਰਚ ਨੂੰ ਬੇਟੀ ਉਸ ਨੂੰ ਇਹ ਕਹਿ ਕੇ ਗਈ ਸੀ ਕਿ ਉਹ ਬੱਸ ਸਟੈਂਡ ਉਤੇ ਆਪਣੀ ਸਕੂਟਰੀ ਰੱਖ ਕੇ ਪਰਉਪਕਾਰ ਸਿੰਘ ਨਾਲ ਘੁੰਮਣ ਜਾ ਰਹੀ ਹੈ।
ਇਸ ਤੋਂ ਬਾਅਦ ਪਰਉਪਕਾਰ ਸਿੰਘ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ। ਪੁੱਛ ਗਿੱਛ ਕਰਨ ਉਤੇ ਉਸ ਨੇ ਦੱਸਿਆ ਕਿ ਕਰਮਜੀਤ ਕੌਰ ਬੱਸ ਸਟੈਂਡ ਤੋਂ ਉਸ ਦੇ ਘਰ ਗਈ ਸੀ, ਜਿਸ ਨਾਲ ਉਸ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਸ ਨੇ ਉਸ ਦਾ ਕ-ਤ-ਲ ਕਰ ਦਿੱਤਾ ਅਤੇ ਪਿੰਡ ਦੇ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਕਰਨੈਲ ਸਿੰਘ ਨੂੰ ਬੁਲਾ ਕੇ ਦੇਹ ਨੂੰ ਕਾਰ ਵਿਚ ਰੱਖ ਕੇ ਜੈਮਲ ਵਾਲਾ ਨੇੜੇ ਸੜਕ ਉਤੇ ਸੁਟ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਜਸਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ।