ਇਕੋ ਪਰਿਵਾਰ ਦੀਆਂ ਚਾਰ ਔਰਤਾਂ ਤੇ 2 ਮਰਦਾਂ ਨੂੰ ਹੋਈ ਉਮਰ ਕੈਦ, ਇਹ ਹੈ ਮਾਮਲਾ

Punjab

ਪੰਜਾਬ ਵਿਚ ਬਠਿੰਡਾ ਦੇ ਬਹੁ ਚਰਚਿਤ ਭਰਾ ਅਤੇ ਭੈਣ ਬ-ਲੀ ਕਾਂਡ ਮਾਮਲੇ ਵਿੱਚ ਅਦਾਲਤ ਨੇ ਇੱਕ ਤਾਂਤਰਿਕ ਸਮੇਤ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਐਲਾਨ ਤੋਂ ਬਾਅਦ ਤਾਂਤਰਿਕ ਨੇ ਅਦਾਲਤ ਵਿਚ ਰੋਣਾ ਸ਼ੁਰੂ ਕਰ ਦਿੱਤਾ ਅਤੇ ਜੱਜ ਤੋਂ ਰਹਿਮ ਦੀ ਭੀਖ ਮੰਗੀ। ਜਿਨ੍ਹਾਂ 6 ਹੋਰ ਵਿਅਕਤੀਆਂ ਨੂੰ ਸਜ਼ਾ ਦਿੱਤੀ ਗਈ ਹੈ, ਉਨ੍ਹਾਂ ਵਿੱਚ ਦਾਦੀ, ਮਾਤਾ ਪਿਤਾ ਅਤੇ ਬੱਚਿਆਂ ਦੇ ਹੋਰ ਪਰਿਵਾਰਕ ਮੈਂਬਰ ਸ਼ਾਮਲ ਹਨ। ਇਸ ਕੇਸ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਿੱਚ ਚੱਲ ਰਹੀ ਸੀ। ਸਜ਼ਾ ਸੁਣਾਏ ਜਾਣ ਵਾਲਿਆਂ ਵਿਚ ਇਕ ਪਰਿਵਾਰ ਦੀਆਂ 4 ਔਰਤਾਂ ਅਤੇ 2 ਮਰਦ ਸ਼ਾਮਲ ਹਨ।

ਮਾਮਲੇ ਅਨੁਸਾਰ 8 ਮਾਰਚ 2017 ਦੀ ਰਾਤ ਨੂੰ 8 ਸਾਲਾ ਰਣਜੋਧ ਸਿੰਘ ਅਤੇ ਉਸ ਦੀ 3 ਸਾਲਾ ਭੈਣ ਅਨਾਮਿਕਾ ਕੌਰ ਦਾ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਦੇ ਬਹਿਕਾਵੇ ਵਿਚ ਆਕੇ ਪਰਿਵਾਰ ਨੇ ਹੀ ਬ-ਲੀ ਦੇ ਦਿੱਤੀ ਸੀ। ਉਨ੍ਹਾਂ ਦੀ ਭੂਆ ਦੇ ਕੋਈ ਔਲਾਦ ਨਹੀਂ ਹੋ ਰਹੀ ਸੀ। ਜਿਸ ਕਾਰਨ ਇਨ੍ਹਾਂ ਬੱਚਿਆਂ ਦੇ ਜੀਵਨ ਸਮਾਪਤ ਕਰ ਦਿੱਤੇ ਗਏ। ਇਸ ਮਾਮਲੇ ਵਿਚ ਵੀਰਵਾਰ ਨੂੰ ਏ. ਡੀ. ਜੇ. ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਤਾਂਤਰਿਕ ਲਖਵਿੰਦਰ ਉਰਫ ਲੱਖੀ, ਦਾਦੀ ਨਿਰਮਲ ਕੌਰ, ਪਿਤਾ ਕੁਲਵਿੰਦਰ ਸਿੰਘ, ਮਾਤਾ ਰਣਧੀਰ ਕੌਰ ਉਰਫ ਰੋਜ਼ੀ, ਚਾਚਾ ਜਸਪ੍ਰੀਤ ਸਿੰਘ, ਭੂਆ ਰਮਨਦੀਪ ਕੌਰ ਉਰਫ਼ ਅਮਨਦੀਪ ਕੌਰ ਅਤੇ ਗਗਨਦੀਪ ਕੌਰ ਉਰਫ਼ ਗਗਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਨ੍ਹਾਂ ਨੂੰ 50,000 ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਸਜਾ ਸੁਣਾਏ ਜਾਣ ਤੋਂ ਬਾਅਦ ਲੋਕਾਂ ਦਾ ਭਵਿੱਖ ਦੱਸਣ ਵਾਲਾ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਲੱਖੀ ਅਦਾਲਤ ਵਿੱਚ ਹੀ ਹੱਥ ਜੋੜ ਕੇ ਰਹਿਮ ਦੀ ਭੀਖ ਮੰਗਣ ਲੱਗਾ। ਇਸ ਕੇਸ ਦੀ ਸੁਣਵਾਈ ਨੂੰ ਲੈ ਕੇ ਬਾਅਦ ਦੁਪਹਿਰ ਵੱਡੀ ਗਿਣਤੀ ਵਿਚ ਲੋਕ ਅਦਾਲਤ ਪਹੁੰਚੇ ਹੋਏ ਸਨ। ਇਸ ਵਿੱਚ ਅਦਾਲਤੀ ਸਟਾਫ਼ ਅਤੇ ਵਕੀਲ ਵੀ ਹਾਜ਼ਰ ਸਨ। ਸਜ਼ਾ ਭੁਗਤਣ ਵਾਲਿਆਂ ਵਿੱਚ 6 ਮੈਂਬਰ ਇੱਕ ਹੀ ਪਰਿਵਾਰ ਦੇ ਹਨ। ਇਨ੍ਹਾਂ ਵਿੱਚ ਚਾਰ ਔਰਤਾਂ ਅਤੇ ਤਿੰਨ ਪੁਰਸ਼ ਹਨ।

ਦੋਹਾਂ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਲੋਕਾਂ ਨੇ ਐਕਸ਼ਨ ਕਮੇਟੀ ਬਣਾਈ ਸੀ। ਕਮੇਟੀ ਦੇ ਆਗੂ ਭਾਈ ਪਰਮਜੀਤ ਸਿੰਘ ਜੱਗੀ ਬਾਬਾ ਅਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਦੱਸਿਆ ਕਿ ਪ੍ਰਸਿੱਧ ਵਕੀਲ ਚਰਨਪਾਲ ਸਿੰਘ ਬਰਾੜ ਨੇ ਅਦਾਲਤ ਸਾਹਮਣੇ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਾਅਦ ਦੁਪਹਿਰ ਕਰੀਬ 3 ਵਜੇ ਸੱਤਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਾਰੇ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਤਿੰਨ ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ।

ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ। ਇਸ ਮੌਕੇ ਯੂਥ ਆਗੂ ਪ੍ਰਦੀਪ ਸਿੰਘ ਭਾਗੀਵਾਂਦਰ, ਸੁਖਪਾਲ ਸਿੰਘ ਪਾਲਾ, ਗੁਰਸੇਵਕ ਸਿੰਘ ਕੋਟਭਾਈ, ਬੀਕੇਯੂ ਕ੍ਰਾਂਤੀਕਾਰੀ ਸੁਰਜੀਤ ਸਿੰਘ ਭੁੱਚੋ ਖੁਰਦ, ਸੁਰਮੁੱਖ ਸਿੰਘ ਸੇਲਬਰਾਹ, ਕਿਸਾਨ ਆਗੂ ਰਾਜਮਿੰਦਰ ਸਿੰਘ ਕੋਟਭਾਰਾ, ਨਛੱਤਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਹਾਜ਼ਰ ਸਨ।

Leave a Reply

Your email address will not be published. Required fields are marked *