ਯੂਪੀ ਦੇ ਪ੍ਰਯਾਗਰਾਜ ਵਿਚ IDBI ਬੈਂਕ ਦੇ ਸਹਾਇਕ ਮੈਨੇਜਰ ਦੀ ਪਤਨੀ ਨੇ ਖੁ-ਦ-ਕੁ-ਸ਼ੀ ਕਰ ਲਈ। ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਨੇ 5 ਅਪ੍ਰੈਲ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਦੋਸ਼ ਹੈ ਕਿ ਪਤੀ ਉਸ ਨੂੰ ਬੇਟੀ ਹੋਣ ਦਾ ਤਾਅਨਾ ਮਾਰ ਰਿਹਾ ਸੀ। ਇਸ ਤੋਂ ਤੰਗ ਆ ਕੇ ਔਰਤ ਨੇ ਇਹ ਕੁਝ ਕਰ ਲਿਆ। ਪੁਲਿਸ ਨੇ 2 ਡਾਕਟਰਾਂ ਦੇ ਪੈਨਲ ਤੋਂ ਔਰਤ ਦਾ ਪੋਸਟ ਮਾਰਟਮ ਕਰਵਾਇਆ ਹੈ। ਫਿਲਹਾਲ ਪਰਿਵਾਰ ਤੋਂ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਰਾਹੁਲ ਯਾਦਵ , ਕਾਨਪੁਰ ਨਗਰ ਦਾ ਰਹਿਣ ਵਾਲਾ ਹੈ, ਜੋ ਪ੍ਰਯਾਗਰਾਜ ਦੇ ਸਿਵਲ ਲਾਈਨਸ ਸਥਿਤ ਆਈਡੀਬੀਆਈ ਬੈਂਕ ਵਿੱਚ ਸਹਾਇਕ ਮੈਨੇਜਰ ਵਜੋਂ ਕੰਮ ਕਰਦਾ ਹੈ। ਉਹ ਧੂਮਨਗੰਜ ਥਾਣਾ ਖੇਤਰ ਦੇ ਅਧੀਨ ਸ਼ਿਵਮ ਅਪਾਰਟਮੈਂਟ ਅੰਬੇਡਕਰ ਬਿਹਾਰ ਵਿੱਚ ਆਪਣੀ ਪਤਨੀ ਨੀਤੂ ਯਾਦਵ ਅਤੇ 9 ਸਾਲ ਦੇ ਬੇਟੇ ਨਾਲ ਰਹਿੰਦਾ ਹੈ। ਉਸ ਦੀ ਪਤਨੀ ਨੀਤੂ ਯਾਦਵ ਗਰਭਵਤੀ ਸੀ। 5 ਅਪ੍ਰੈਲ ਨੂੰ ਧੂਮਨਗੰਜ ਥਾਣਾ ਖੇਤਰ ਦੇ ਮੁੰਡੇਰਾ ਨੀਮ ਸਰਾਏ ਦੇ ਨਰਾਇਣ ਸਵਰੂਪ ਹਸਪਤਾਲ ਵਿਚ ਨੀਤੂ ਯਾਦਵ ਨੇ ਆਪਰੇਸ਼ਨ ਤੋਂ ਬਾਅਦ ਬੇਟੀ ਨੂੰ ਜਨਮ ਦਿੱਤਾ।
ਡਾਕਟਰਾਂ ਨੇ ਦੱਸਿਆ ਕਿ ਨੀਤੂ ਨੂੰ ਓਪਰੇਸ਼ਨ ਹੋਣ ਤੋਂ ਬਾਅਦ ਪ੍ਰਾਈਵੇਟ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ। ਉਦੋਂ ਤੋਂ ਨੀਤੂ ਯਾਦਵ ਉਸੇ ਵਾਰਡ ਵਿੱਚ ਰਹਿ ਰਹੀ ਸੀ। ਉਸ ਦਾ ਪਤੀ ਰਾਹੁਲ ਘਰੋਂ ਖਾਣ ਪੀਣ ਦਾ ਸਮਾਨ ਲੈ ਕੇ ਆਉਂਦਾ ਸੀ। ਰਾਹੁਲ ਯਾਦਵ 9 ਅਪ੍ਰੈਲ ਸਵੇਰੇ ਘਰ ਚਲਾ ਗਿਆ ਸੀ। ਹਸਪਤਾਲ ਦੇ ਪ੍ਰਾਈਵੇਟ ਵਾਰਡ ਵਿੱਚ ਉਸ ਦੀ ਪਤਨੀ ਨੀਤੂ ਯਾਦਵ ਆਪਣੀ 4 ਦਿਨ ਦੀ ਬੱ-ਚੀ ਨਾਲ ਸੀ।
ਪੋਸਟ ਮਾਰਟਮ ਹਾਉਸ ਵਿਚ ਨੀਤੂ ਦੀ ਮਾਂ ਮੁੰਨੀ ਯਾਦਵ ਰੋ ਰੋ ਕੇ ਕਹਿ ਰਹੀ ਸੀ ਕਿ 9 ਸਾਲ ਦੇ ਬੇਟੇ ਤੋਂ ਬਾਅਦ ਇਹ ਬੇਟੀ ਪੈਦਾ ਹੋਈ ਸੀ। ਜਵਾਈ ਰਾਹੁਲ ਯਾਦਵ ਪਹਿਲਾਂ ਵੀ ਤਿੰਨ ਵਾਰ ਉਸ ਦੀ ਧੀ ਦਾ ਗਰਭ-ਪਾਤ ਕਰਵਾ ਚੁੱਕਾ ਹੈ। ਉਸ ਨੂੰ ਡਰ ਸੀ ਕਿ ਉਸ ਦੀ ਕੁੱਖ ਵਿੱਚ ਬੇਟੀ ਹੈ। ਉਹ ਬੇਟੀ ਪੈਦਾ ਨਹੀਂ ਕਰਨਾ ਚਾਹੁੰਦਾ ਸੀ। ਜਦੋਂ ਤੋਂ 5 ਅਪ੍ਰੈਲ ਨੂੰ ਧੀ ਦਾ ਜਨਮ ਹੋਇਆ ਸੀ, ਉਹ ਨੀਤੂ ਨੂੰ ਝਿੜਕਦਾ ਆ ਰਿਹਾ ਸੀ। ਬੇਟੀ ਨੇ ਫੋਨ ਉਤੇ ਦੱਸਿਆ ਸੀ ਕਿ ਰਾਹੁਲ ਕਹਿ ਰਿਹਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਬੇਟੀ ਵਿਆਹ ਕਰਨ ਲਾਇਕ ਹੋਵੇਗੀ ਤਾਂ ਉਸ ਦਾ ਵਿਆਹ ਕਿੱਥੋਂ ਕਰਾਂਗੇ। ਇਸ ਕਾਰਨ ਨੀਤੂ ਬਹੁਤ ਦੁਖੀ ਸੀ।
ਮਾਂ ਨੇ ਦੱਸਿਆ ਕਿ ਨੀਤੂ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ। ਅਸੀਂ ਉਸ ਨੂੰ ਬਹੁਤ ਪਿਆਰ ਨਾਲ ਪਾਲਿਆ ਸੀ। ਕਦੇ ਵੀ ਉਸ ਨੂੰ ਕੁੜੀ ਹੋਣ ਦਾ ਮਹਿਸੂਸ ਤੱਕ ਨਹੀਂ ਹੋਣ ਦਿੱਤਾ। ਅਰੇ, ਦੁਨੀਆਂ ਇਕ ਪੁੱਤਰ ਤੇ ਇਕ ਧੀ ਤਾਂ ਚਾਹੁੰਦੀ ਹੈ। ਜਵਾਈ ਨੇ ਨੀਤੂ ਨੂੰ ਬੇਟੀ ਹੋਣ ਦਾ ਤਾਅਨਾ ਦੇ ਕੇ 4 ਦਿਨਾਂ ਤੋਂ ਉਸ ਦਾ ਜੀਣਾ ਹਰਾਮ ਕਰ ਦਿੱਤਾ ਸੀ। ਬੇਚਾਰੀ ਤਣਾਓ ਨਾ ਸਹਾਰ ਸਕੀ।
ਇਸ ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਦਵਾਈ ਦੇਣ ਪਹੁੰਚੀ ਨਰਸ ਨੇ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਖਿੜਕੀ ਵਿੱਚੋਂ ਝਾਤੀ ਮਾਰੀ ਤਾਂ ਬੇਟੀ ਮੰਜੇ ਉਤੇ ਪਈ ਰੋ ਰਹੀ ਸੀ। ਨਰਸ ਨੇ ਡਾਕਟਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਨੀਤੂ ਅੰਦਰ ਨਹੀਂ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਬਾਥਰੂਮ ਵਿਚ ਹੋਵੇਗੀ।
ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੀ ਮੌਜੂਦਗੀ ਵਿਚ ਦਰਵਾਜ਼ੇ ਦੀ ਕੁੰਡੀ ਤੋੜੀ ਗਈ। ਅੰਦਰ ਜਾ ਕੇ ਦੇਖਿਆ ਤਾਂ ਨੀਤੂ ਯਾਦਵ ਬਾਥਰੂਮ ਵਿੱਚ ਸ਼ਾਵਰ ਦੀ ਟੂਟੀ ਨਾਲ ਗਲੂਕੋਜ਼ ਪਾਈਪ ਦੇ ਫਾਹੇ ਨਾਲ ਨੀਤੂ ਲਟਕ ਰਹੀ ਸੀ। ਉਸ ਨੂੰ ਹੇਠਾਂ ਉਤਾਰ ਕੇ ਲਿਆਂਦਾ ਗਿਆ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਨੀਤੂ ਦੇ ਮਾਪਿਆਂ ਨੂੰ ਪੁਲਿਸ ਰਾਹੀਂ ਸੂਚਿਤ ਕੀਤਾ ਗਿਆ। ਨੀਤੂ ਯਾਦਵ ਦੀ ਮਾਂ ਮੁੰਨੀ ਯਾਦਵ ਅਤੇ ਪਰਿਵਾਰਕ ਮੈਂਬਰ ਕਰੀਬ 3 ਵਜੇ ਪੋਸਟ ਮਾਰਟਮ ਹਾਊਸ ਪਹੁੰਚੇ। ਉਹ ਲੋਕ ਕਲਿਆਣਪੁਰ, ਕਾਨਪੁਰ ਨਗਰ ਦੇ ਰਹਿਣ ਵਾਲੇ ਹਨ।
ਪੁਲਿਸ ਨੇ 2 ਡਾਕਟਰਾਂ ਦੇ ਪੈਨਲ ਅਤੇ ਵੀਡੀਓਗ੍ਰਾਫੀ ਦੇ ਦੌਰਾਨ ਪੋਸਟ ਮਾਰਟਮ ਕਰਵਾਇਆ। ਧੂਮਗੰਜ ਦੇ ਇੰਸਪੈਕਟਰ ਰਾਜੇਸ਼ ਕੁਮਾਰ ਮੌਰਿਆ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਪੇਕੇ ਪਰਿਵਾਰ ਵਾਲੇ ਪਾਸੇ ਤੋਂ ਲੋਕ ਆਏ ਹਨ। ਪੋਸਟ ਮਾਰਟਮ ਦੀ ਰਿਪੋਰਟ ਵੀ ਆ ਜਾਵੇਗੀ। ਜੇ ਕੋਈ ਵੀ ਸ਼ਕਾਇਤ ਮਿਲੇਗੀ ਤਾਂ ਉਸ ਦੇ ਮੁਤਾਬਕ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।