ਕੀ ਤੁਸੀਂ ਵੀ ਸੜਕ ਤੇ ਪਾਣੀਪੁਰੀ (ਗੋਲਗੱਪੇ) ਖਾਂਦੇ ਸਮੇਂ ਸਫਾਈ ਅਤੇ ਸਿਹਤ ਦੀ ਚਿੰਤਾ ਕਰਦੇ ਹੋ? ਪਰ ਕੀ ਤੁਹਾਨੂੰ ਇਸ ਦੇ ਅਦਭੁਤ ਸੁਆਦ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਮੁਸ਼ਕਲ ਲੱਗਦਾ ਹੈ? ਤਾਪਸੀ ਉਪਾਧਿਆਏ ਨੂੰ ਵੀ ਅਜਿਹੀ ਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਲਈ ਉਸ ਨੇ ਇਸ ਸਮੱਸਿਆ ਨੂੰ ਵਪਾਰ ਵਿੱਚ ਬਦਲਣ ਬਾਰੇ ਸੋਚਿਆ। ਅੱਜ 21 ਸਾਲ ਦੀ ਤਾਪਸੀ ਆਪਣੀ ਬੀ.ਟੈਕ ਦੀ ਡਿਗਰੀ ਹਾਸਲ ਕਰਨ ਦੇ ਨਾਲ ਦਿੱਲੀ ਵਿੱਚ ਪਾਣੀਪੁਰੀ ਵੇਚ ਰਹੀ ਹੈ।
ਅਜਿਹਾ ਨਹੀਂ ਹੈ ਕਿ ਉਸ ਨੇ ਨੌਕਰੀ ਨਾ ਮਿਲਣ ਦੇ ਡਰ ਕਾਰਨ ਇਸ ਧੰਦੇ ਬਾਰੇ ਸੋਚਿਆ ਸੀ। ਦਰਅਸਲ, ਇਹ ਵਿਚਾਰ ਉਸ ਨੂੰ ਆਪਣੀ ਪੜ੍ਹਾਈ ਦੌਰਾਨ ਆਇਆ ਸੀ। ਦ ਬੈਟਰ ਇੰਡੀਆ ਨਾਲ ਗੱਲ ਕਰਦੇ ਹੋਏ, ਉਸ ਨੇ ਸਾਂਝਾ ਕੀਤਾ ਕਿ ਉਹ ਹਮੇਸ਼ਾ ਭਾਰਤੀ ਸਟ੍ਰੀਟ ਫੂਡ ਦੇ ਸਿਹਤਮੰਦ ਵਿਕਲਪ ਦੀ ਭਾਲ ਵਿੱਚ ਸੀ। ਪਰ ਉਸ ਨੂੰ ਅਜਿਹੀ ਥਾਂ ਘੱਟ ਹੀ ਮਿਲਦੀ ਸੀ, ਜਿੱਥੇ ਸਿਹਤ ਅਤੇ ਸਾਫ਼ ਸਫ਼ਾਈ ਵਰਗੀਆਂ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੋਵੇ।
ਇਸੇ ਕਰਕੇ ਉਸ ਨੇ ਪੜ੍ਹਾਈ ਖ਼ਤਮ ਕਰਦੇ ਹੀ ਪਾਣੀਪੁਰੀ ਦਾ ਕੰਮ ਸ਼ੁਰੂ ਕਰ ਦਿੱਤਾ। ਆਉਣ ਵਾਲੇ ਸਮੇਂ ਵਿੱਚ, ਉਹ ਲੋਕਾਂ ਲਈ ਹੋਰ ਬਹੁਤ ਸਾਰੇ ਸਟ੍ਰੀਟ ਫੂਡਜ਼ ਦੇ ਸਿਹਤਮੰਦ ਬਦਲ ਲੈ ਕੇ ਆਵੇਗੀ। ਤਾਪਸੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਸ ਕੰਮ ਕੰਮ ਸ਼ੁਰੂ ਕੀਤਾ ਹੈ।
ਆਪਣੇ ਨਾਲ ਹੋਰ 12 ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਵਾਲੀ ਤਾਪਸੀ ਕਹਿੰਦੀ ਹੈ ਕਿ ਉਹ ਪਾਣੀਪੁਰੀ ਬਣਾਉਣ ਲਈ ਏਅਰ ਫਰਾਈਅਰ ਦੀ ਵਰਤੋਂ ਕਰਦੀ ਹੈ, ਨਾਲ ਹੀ ਖਜੂਰਾਂ ਅਤੇ ਆਰਗੈਨਿਕ ਗੁੜ ਤੋਂ ਬਣੀ ਮਿੱਠੀ ਚਟਨੀ ਅਤੇ ਖੱਟੇ ਪਾਣੀ ਨੂੰ ਹੱਥਾਂ ਨਾਲ ਮਿੱਟੀ ਦੇ ਘੜੇ ਵਿਚ ਘੋਲ ਕੇ ਤਿਆਰ ਕਰਦੀ ਹੈ। ਨਾਲ ਹੀ, ਉਹ ਹਰ ਚੀਜ਼ ਲਈ ਮਿਨਰਲ ਵਾਟਰ ਦੀ ਵਰਤੋਂ ਕਰਦੀ ਹੈ।
ਉਸ ਨੇ ਕਿਹਾ ਕਿ ਸ਼ੁਰੂ ਵਿੱਚ, ਉਹ ਥੋੜਾ ਡਰਦਾ ਸੀ ਕਿ ਕੀ ਲੋਕ ਉਸ ਦੇ ਵਿਚਾਰ ਨੂੰ ਪਸੰਦ ਕਰਨਗੇ ਜਾਂ ਨਹੀਂ? ਪਰ ਅੱਜ ਉਹ ਬੀ.ਟੈੱਕ ਪਾਣੀਪੁਰੀ ਵਾਲੀ ਦੇ ਨਾਂ ਹੇਠ ਦਿੱਲੀ ਦੇ ਵੱਖੋ ਵੱਖ ਇਲਾਕਿਆਂ ਵਿੱਚ ਚਾਰ ਸਟਾਲ ਚਲਾ ਰਹੀ ਹੈ। ਇਸ ਤਰ੍ਹਾਂ ਉਹ ਕਰੀਬ 12 ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੀ ਹੈ।
ਥੋੜ੍ਹੇ ਹੀ ਸਮੇਂ ਵਿੱਚ ਤਾਪਸੀ ਨੇ ਆਪਣੇ ਸਵਾਦ ਅਤੇ ਵਿਲੱਖਣ ਅੰਦਾਜ਼ ਨਾਲ ਨਾ ਸਿਰਫ਼ ਦਿੱਲੀ ਵਿੱਚ ਸਗੋਂ ਦੇਸ਼ ਭਰ ਵਿੱਚ ਆਪਣੇ ਲਈ ਇੱਕ ਸਥਾਨ ਬਣਾ ਲਿਆ ਹੈ। ਦੇਸੀ ਸਟ੍ਰੀਟ ਫੂਡ ਨੂੰ ਸਿਹਤਮੰਦ ਬਣਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਹਰ ਕੋਈ ਪਸੰਦ ਵੀ ਕਰ ਰਿਹਾ ਹੈ। ਜੇਕਰ ਤੁਸੀਂ ਵੀ ਦਿੱਲੀ ਵਿਚ ਹੋ ਤਾਂ ਇਕ ਵਾਰ ਬੀ. ਟੇਕ ਪਾਣੀਪੁਰੀ ਵਾਲੀ ਦੇ ਗੋਲਗੱਪੇ ਖਾਣੇ ਤਾਂ ਬਣਦੇ ਹਨ। (ਜਾਣਕਾਰੀ ਸਰੋਤ ਧੰਨਵਾਦ ਸਹਿਤ, ਦ ਬੇਟਰ ਇੰਡਿਆ)