ਪੰਜਾਬ ਵਿਚ ਅਬੋਹਰ ਸ਼ਹਿਰ ਦੇ ਹਨੂੰਮਾਨਗੜ੍ਹ ਬਾਈਪਾਸ ਅਤੇ ਕੰਧਵਾਲਾ ਬਾਈਪਾਸ ਦੇ ਵਿਚਕਾਰ ਬੁੱਧਵਾਰ ਦੀ ਰਾਤ ਨੂੰ ਦੁਖਦ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਇਥੇ ਇਕ ਕਾਰ ਦੀ ਟਰੈਕਟਰ ਦੇ ਅੱਗੇ ਲੱਗੇ ਹੋਏ ਰੀਪਰ ਨਾਲ ਟੱਕਰ ਹੋ ਗਈ। ਪੁਲਿਸ ਨੇ ਮ੍ਰਿਤਕ ਡੇਅਰੀ ਸੰਚਾਲਕ ਦੇ ਭਰਾ ਦੇ ਬਿਆਨਾਂ ਉਤੇ ਅਬੋਹਰ ਦੇ ਡਰਾਈਵਰ ਖਿਲਾਫ ਲਾਪ੍ਰਵਾਹੀ ਵਰਤਣ ਸਣੇ ਵੱਖੋ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤਾ ਬਿਆਨਾਂ ਵਿਚ ਪਿੰਡ ਬਾਦੀਆਂ ਥਾਣਾ ਕੋਟਭਾਈ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਉਤੇ ਜਾ ਰਿਹਾ ਸੀ। ਉਸ ਦੇ ਚਾਚੇ ਦਾ ਲੜਕਾ ਸੰਜੀਵ ਕੁਮਾਰ ਕਿਸੇ ਕੰਮ ਲਈ ਕਾਰ ਵਿੱਚ ਅਬੋਹਰ ਆਇਆ ਹੋਇਆ ਸੀ। ਜਦੋਂ ਉਹ ਕੰਮ ਖਤਮ ਕਰਕੇ ਵਾਪਸ ਆਪਣੇ ਪਿੰਡ ਜਾ ਰਹੇ ਸੀ ਤਾਂ ਕੰਧਵਾਲਾ ਚੌਂਕ ਤੋਂ ਥੋੜਾ ਅੱਗੇ ਹਨੂੰਮਾਨਗੜ੍ਹ ਰੋਡ ਦੇ ਉਤੇ ਇਹ ਹਾਦਸਾ ਹੋਇਆ। ਸੰਦੀਪ ਨੇ ਦੱਸਿਆ ਕਿ ਸਾਡੇ ਘਰ ਦੇ ਪਿੱਛਲੇ ਪਾਸੇ ਰਹਿਣ ਵਾਲਾ ਪਵਨ ਕੁਮਾਰ ਪੁੱਤਰ ਪਿਰਥੀ ਰਾਮ ਗਲਤ ਸਾਈਡ ਤੋਂ ਟ੍ਰੈਕਟਰ ਲੈਕੇ ਆ ਰਿਹਾ ਸੀ। ਟ੍ਰੈਕਟਰ ਦੇ ਅੱਗੇ ਕਣਕ ਕੱਟਣ ਵਾਲਾ ਕਟਰ ਫਿੱਟ ਕੀਤਾ ਹੋਇਆ ਸੀ।
ਉਸ ਨੇ ਲਾਪਰਵਾਹੀ ਨਾਲ ਗਲਤ ਦਿਸ਼ਾ ਵਿਚ ਆਉਂਦੇ ਹੋਏ ਸੰਜੀਵ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸੰਜੀਵ ਦੀ ਕਾਰ ਬੁਰੀ ਤਰ੍ਹਾਂ ਨਾਲ ਹਾਦਸਾ ਗ੍ਰਸਤ ਹੋ ਗਈ ਅਤੇ ਸੰਜੀਵ ਜ਼ਖਮੀ ਹੋ ਗਿਆ। ਸੰਦੀਪ ਨੇ ਦੱਸਿਆ ਕਿ ਉਹ ਸੰਜੀਵ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਸੰਦੀਪ ਕੁਮਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਟ੍ਰੈਕਟਰ ਡਰਾਈਵਰ ਪਵਨ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ, 279, 427 ਤਹਿਤ ਕੇਸ ਦਰਜ ਕਰ ਲਿਆ ਹੈ।