ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇਥੇ ਜਨਮ ਦਿਨ ਦੀ ਪਾਰਟੀ ਨੇ ਕੁਝ ਹੀ ਸਮੇਂ ਵਿੱਚ ਸੋਗ ਦਾ ਰੂਪ ਬਦਲ ਲਿਆ। ਦਰਅਸਲ ਜਨਮ ਦਿਨ ਮਨਾ ਰਹੇ ਦੋਸਤਾਂ ਦੀ ਕਾਰ ਸਰਹਿੰਦ ਨਹਿਰ ਵਿਚ ਡਿੱਗ ਪਈ। ਇਹ ਹਾਦਸਾ ਮਚਾਕੀ ਮੱਲ ਸਿੰਘ ਪੁਲ ਨੇੜੇ ਵਾਪਰਿਆ ਹੈ। ਲੋਕਾਂ ਨੇ ਕਾਰ ਨੂੰ ਤਾਂ ਬਾਹਰ ਕੱਢ ਲਿਆ ਪਰ ਉਸ ਵਿੱਚ ਸਵਾਰ ਤਿੰਨ ਨੌਜਵਾਨ ਪਾਣੀ ਵਿੱਚ ਵਹਿ ਗਏ। ਗੋਤਾਖੋਰ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਕਾਰ ਵਿਚ ਸਵਾਰ ਤਿੰਨੇ ਦੋਸਤ ਬਾਜ਼ਾਰ ਵਿਚੋਂ ਸਾਮਾਨ ਲੈ ਕੇ ਨਹਿਰ ਕਿਨਾਰੇ ਪਹੁੰਚੇ ਸਨ। ਹਾਲਾਂਕਿ ਉੱਥੇ ਉਨ੍ਹਾਂ ਦੀ ਉਡੀਕ ਕਰ ਰਹੇ ਦੋ ਹੋਰ ਦੋਸਤਾਂ ਦਾ ਵਾਲ-ਵਾਲ ਬਚਾਅ ਹੋ ਗਿਆ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਪੰਜ ਦੋਸਤ ਅਕਾਸ਼ਦੀਪ ਸਿੰਘ, ਸੁਖਦੀਪ ਸਿੰਘ, ਹਰਮਨ ਸਿੰਘ, ਜਗਮੋਹਨ ਸਿੰਘ ਅਤੇ ਦਵਿੰਦਰ ਸਿੰਘ ਆਪਣੇ ਦੋਸਤ ਅਕਾਸ਼ਦੀਪ ਸਿੰਘ ਦਾ ਜਨਮ ਦਿਨ ਮਨਾਉਣ ਲਈ ਮਚਾਕੀ ਪੁਲ ਸਰਹਿੰਦ ਨਹਿਰ ਉਤੇ ਗਏ ਸਨ। ਕੁਝ ਸਮੇਂ ਬਾਅਦ ਹਰਮਨ, ਜਗਮੋਹਨ ਅਤੇ ਦਵਿੰਦਰ ਖਾਣ ਪੀਣ ਦੇ ਸਮਾਨ ਦੀ ਖ੍ਰੀਦਦਾਰੀ ਕਰਨ ਲਈ ਕਾਰ ਰਾਹੀਂ ਬਾਜ਼ਾਰ ਚਲੇ ਗਏ। ਜਿਸ ਦੌਰਾਨ ਅਕਾਸ਼ਦੀਪ ਸਿੰਘ ਅਤੇ ਸੁਖਦੀਪ ਸਿੰਘ ਨਹਿਰ ਦੇ ਕੰਢੇ ਹੀ ਰੁਕ ਗਏ।
ਬਾਜ਼ਾਰ ਤੋਂ ਵਾਪਸ ਆਉਂਦੇ ਸਮੇਂ ਮਚਾਕੀ ਪੁਲ ਨੇੜੇ ਕਾਰ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਨਹਿਰ ਵਿੱਚ ਜਾ ਡਿੱਗੀ। ਬਾਹਰ ਬੈਠੇ ਦੋਵਾਂ ਦੋਸਤਾਂ ਦੇ ਰੌਲਾ ਪਾਉਣ ਉਤੇ ਲੋਕ ਮੌਕੇ ਉਤੇ ਪਹੁੰਚ ਗਏ। ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਬਾਹਰ ਕੱਢਿਆ ਗਿਆ ਪਰ ਖਬਰ ਲਿਖੇ ਜਾਣ ਤੱਕ ਤਿੰਨਾਂ ਨੌਜਵਾਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਘ-ਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਿਸ ਵੀ ਪਿੰਡ ਵਾਸੀਆਂ ਸਮੇਤ ਮੌਕੇ ਉਤੇ ਪਹੁੰਚ ਗਈ ਅਤੇ ਤੁਰੰਤ ਹੀ ਗੋਤਾਖੋਰਾਂ ਨੂੰ ਬੁਲਾਇਆ ਗਿਆ।
ਪਿੰਡ ਦੇ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਹੈ। ਇਹ ਸਭ ਜਨਮ ਦਿਨ ਮਨਾ ਰਹੇ ਸਨ। ਬਾਜ਼ਾਰ ਤੋਂ ਸਾਮਾਨ ਲੈ ਕੇ ਆਉਂਦੇ ਸਮੇਂ ਕਾਰ ਅਚਾਨਕ ਨਹਿਰ ਵਿਚ ਡਿੱਗ ਗਈ। ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਥਾਣੇ ਦੇ ਐਸ. ਐਚ. ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜ ਨੌਜਵਾਨਾਂ ਵਿੱਚੋਂ ਦੋ ਸੁਰੱਖਿਅਤ ਹਨ ਜਦੋਂ ਕਿ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਪਾਣੀ ਵਿੱਚ ਵਹਿ ਗਏ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।