ਭਾਰਤ ਤੋਂ ਆਸਟਰੇਲੀਆ ਵਿਚ ਮੈਲਬੌਰਨ ਪੜ੍ਹਨ ਲਈ ਗਈ ਇਕ ਲੜਕੀ ਨਾਲ ਸਬੰਧਤ ਦੁਖ ਦਾਈ ਖਬਰ ਪ੍ਰਾਪਤ ਹੋਈ ਹੈ। ਗੁਜਰਾਤ ਤੋਂ ਵਿਦਿਆਰਥੀ ਵੀਜ਼ੇ ਉਤੇ ਆਸਟ੍ਰੇਲੀਆ ਗਈ ਇਕ ਮਹਿਲਾ ਦੀ ਸਿਡਨੀ ਦੇ ਦੱਖਣੀ, ਪੱਛਮੀ ਬਾਹਰੀ ਇਲਾਕੇ ਵਿਚ ਇਕ ਕਾਰ ਹਾਦਸੇ ਵਿਚ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਰਿਆ ਰਾਮਜੀਭਾਈ ਪਟੇਲ 16 ਅਪ੍ਰੈਲ ਨੂੰ ਆਪਣੇ ਦੋਸਤਾਂ ਦੇ ਨਾਲ ਸਿਡਨੀ ਤੋਂ ਵੋਲੋਂਗੌਂਗ ਦੀ ਯਾਤਰਾ ਕਰ ਰਹੀ ਸੀ ਤਾਂ ਉਦੋਂ ਡਰਾਈਵਰ ਨੇ ਕੈਬ ਤੋਂ ਕੰਟਰੋਲ ਗੁਆ ਦਿੱਤਾ, ਜੋ ਵਿਲਟਨ ਵਿੱਚ ਪਿਕਟਨ ਰੋਡ ਨੇੜੇ ਪਲਟੀ ਖਾ ਗਈ।
ਕੈਮਡੇਨ ਪੁਲਿਸ ਏਰੀਆ ਕਮਾਂਡ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇੱਕ ਕਾਰ ਦੂਜੀ ਕਾਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਕਥਿਤ ਤੌਰ ਤੇ ਪਲਟ ਗਈ। ਨਿਊ ਸਾਊਥ ਵੇਲਜ਼ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਪੁਲਿਸ ਅਤੇ ਪੈਰਾਮੈਡਿਕਸ ਦੀਆਂ ਪੂਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕਾਰ ਦੀ ਪਿਛਲੀ ਸੀਟ ਉਤੇ ਬੈਠੀ ਰੀਆ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਹਾਦਸੇ ਵਾਲੀ ਕਾਰ ਦੇ ਡਰਾਈਵਰ ਅਤੇ ਦੂਜੀ ਕਾਰ ਦੇ ਡਰਾਈਵਰ ਨੂੰ ਇਲਾਜ ਲਈ ਲਿਵਰਪੂਲ ਹਸਪਤਾਲ ਵਿਚ ਲਿਜਾਇਆ ਗਿਆ।
ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ। ਇਸ ਦੌਰਾਨ, ਗੁਜਰਾਤ ਵਿੱਚ ਰੀਆ ਦੇ ਚਚੇਰੇ ਭਰਾ ਦੁਆਰਾ ਉਸ ਦੀ ਦੇਹ ਨੂੰ ਵਾਪਸ ਗੁਜਰਾਤ ਲਿਆਉਣ ਅਤੇ ਉਸ ਦੇ ਵਿਦਿਆਰਥੀ ਕਰਜ਼ਿਆਂ ਅਤੇ ਹੋਰ ਫੁਟਕਲ ਖਰਚਿਆਂ ਨੂੰ ਪੂਰਾ ਕਰਨ ਲਈ ਮਦਦ ਦੀ ਗੁਹਾਰ ਲਾਈ ਗਈ ਹੈ।