ਪੰਜਾਬ ਵਿਚ ਜਿਲ੍ਹਾ ਫਰੀਦਕੋਟ ਗਿੱਦੜਬਾਹਾ ਮਲੋਟ ਰੋਡ ਉਤੇ ਸਥਿਤ ਮਾਰਕਫੈੱਡ ਪਲਾਂਟ ਨੇੜੇ ਹੋਈ ਲੜਾਈ ਦੌਰਾਨ ਦੂਜੇ ਪਾਸੇ ਤੋਂ ਆਪਣੇ ਭਰਾ ਨੂੰ ਬਚਾਉਣ ਆਈ ਔਰਤ ਦੀ ਕਾਰ ਦੇ ਹੇਠਾਂ ਆਉਣ ਦੇ ਕਾਰਨ ਮੌ-ਤ ਹੋ ਗਈ। ਦੂਜੇ ਪਾਸੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ 5 ਨੌਜਵਾਨਾਂ ਉਤੇ ਔਰਤ ਨੂੰ ਜ਼ਬਰਦਸਤੀ ਦਰੜ ਦੇਣ ਦੇ ਦੋਸ਼ ਲਾਏ ਹਨ।
ਸਿਵਲ ਹਸਪਤਾਲ ਵਿਚ ਮੌਜੂਦ ਮਾਰਕਫੈੱਡ ਪਲਾਂਟ ਨਜਦੀਕ ਰਹਿਣ ਵਾਲੇ ਅਰਜੁਨ ਪੁੱਤਰ ਸ਼ਿਵ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦਾ ਦੀਪੂ, ਗੋਰਾ, ਰਵਿੰਦਰ ਕੁਮਾਰ, ਕਾਲਾ ਅਤੇ ਬਬਲੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੇ ਉਕਤ ਵਿਅਕਤੀ ਉਸ ਨਾਲ ਕੁੱਟ-ਮਾਰ ਕਰਨ ਲੱਗੇ। ਇਸ ਦੌਰਾਨ ਉਸ ਨੇ ਉਕਤ ਨੌਜਵਾਨਾਂ ਤੋਂ ਛੁਡਵਾਉਣ ਲਈ ਨੇੜੇ ਹੀ ਰਹਿੰਦੀ ਆਪਣੀ ਵਿਆਹੁਤਾ ਭੈਣ ਮਾਲਾ ਰਾਣੀ ਪਤਨੀ ਸੁਨੀਲ ਕੁਮਾਰ ਨੂੰ ਬੁਲਾਇਆ।
ਜਦੋਂ ਮਾਲਾ ਰਾਣੀ ਉਥੇ ਪਹੁੰਚੀ ਤਾਂ ਉਕਤ ਵਿਅਕਤੀ ਜੋ ਸੈਂਟਰੋ ਕਾਰ ਵਿਚ ਆਏ ਸਨ, ਮੁੜ ਕਾਰ ਵਿਚ ਸਵਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਭੈਣ ਉਤੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਇਸ ਦੌਰਾਨ ਉਕਤ ਨੌਜਵਾਨ ਕਾਰ ਸਮੇਤ ਉਥੋਂ ਫਰਾਰ ਹੋ ਗਏ। ਅਰਜੁਨ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਸਿਵਲ ਹਸਪਤਾਲ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਉਸ ਦੀ ਬਠਿੰਡਾ ਵਿਖੇ ਮੌ-ਤ ਹੋ ਗਈ।
ਦੂਜੇ ਪਾਸੇ ਥਾਣਾ ਗਿੱਦੜਬਾਹਾ ਪੁਲਿਸ ਵੱਲੋਂ ਮ੍ਰਿਤਕ ਮਾਲਾ ਰਾਣੀ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਲੜਕੀ ਸਵਾਤੀ ਰਾਣੀ ਅਤੇ ਭੈਣ ਜੋਤੀ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਦੇਹ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਸਬੰਧੀ ਐੱਸ. ਐੱਚ. ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਉਨ੍ਹਾਂ ਅਨੁਸਾਰ ਅੱਗੇ ਕਾਰਵਾਈ ਕੀਤੀ ਜਾਵੇਗੀ।