ਪੰਜਾਬ ਦੇ ਫਿਰੋਜ਼ਪੁਰ ਜਿਲ੍ਹੇ ਵਿਚ 16 ਸਾਲ ਉਮਰ ਦੇ ਸੰਦੀਪ ਸਿੰਘ ਦੇ ਮੋਟਰਸਾਈਕਲ ਨੂੰ ਗੁਰਵਿੰਦਰ ਸਿੰਘ ਨੇ ਆਪਣੇ ਟਰੈਕਟਰ ਨਾਲ ਜਬਰ-ਦਸਤ ਟੱਕਰ ਮਾਰ ਦਿੱਤੀ, ਜਿਸ ਹਾਦਸੇ ਵਿਚ ਸੰਦੀਪ ਸਿੰਘ ਗੰਭੀਰ ਰੂਪ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮਮਦੋਟ ਦੀ ਪੁਲਿਸ ਨੇ ਪਿਤਾ ਦੀ ਸ਼ਿਕਾਇਤ ਉਤੇ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਵਾਸੀ ਕੜਮਾ, ਜ਼ਿਲ੍ਹਾ ਫਿਰੋਜ਼ਪੁਰ ਦੇ ਖਿਲਾਫ ਆਈ. ਪੀ. ਸੀ. ਦੀਆਂ ਵੱਖੋ ਵੱਖ ਧਾਰਾਵਾਂ ਲਾ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਸੁਖਜੀਤ ਸਿੰਘ ਵਾਸੀ ਲੱਖਾ ਸਿੰਘ ਵਾਲਾ ਹਿਠਾੜ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਅਤੇ ਉਸ ਦਾ ਪੁੱਤਰ ਜੋ ਕਿ ਵੱਖੋ ਵੱਖ ਮੋਟਰਸਾਈਕਲ ਉਤੇ ਜਾ ਰਹੇ ਸਨ। ਜਦੋਂ ਦੋਵੇਂ ਮਮਦੋਟ ਦਾਣਾ ਮੰਡੀ ਨੇੜੇ ਪੁੱਜੇ ਤਾਂ ਦੋਸ਼ੀ ਗੁਰਵਿੰਦਰ ਸਿੰਘ ਨੇ ਲਾਪ੍ਰਵਾਹੀ ਨਾਲ ਟਰੈਕਟਰ ਤੇਜੀ ਨਾਲ ਲਿਆ ਕੇ ਉਸ ਦੇ ਲੜਕੇ ਸੰਦੀਪ ਸਿੰਘ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪੁੱਤਰ ਸੰਦੀਪ ਦੀ ਮੌ-ਤ ਹੋ ਗਈ।
ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ
ਸੁਖਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਉਸ ਦਾ ਇਕ-ਲੌਤਾ ਪੁੱਤਰ ਸੀ। ਉਸ ਦੇ ਪਰਿਵਾਰ ਨੇ ਆਪਣੇ ਬੇਟੇ ਨੂੰ ਲੈ ਕੇ ਬਹੁਤ ਉਮੀਦਾਂ ਲਾਈਆਂ ਹੋਈਆਂ ਸਨ ਪਰ ਬੇਵਕਤੇ ਸੜਕ ਹਾਦਸੇ ਵਿਚ ਬੇਟੇ ਦੀ ਮੌ-ਤ ਹੋਣ ਕਾਰਨ ਉਸ ਦੇ ਪਰਿਵਾਰ ਦਾ ਸਦਮੇ ਵਿਚ ਬੁਰਾ ਹਾਲ ਹੈ, ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ।
ਅਜੇ ਨਹੀਂ ਹੋਈ ਦੋਸ਼ੀ ਦੀ ਗ੍ਰਿਫਤਾਰੀ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਦੇ ਹੌਲਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਉਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਖਬਰ ਲਿਖੇ ਜਾਣ ਤੱਕ ਨਹੀਂ ਹੋ ਸਕੀ ਸੀ।