ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਇੱਕ ਕਰਿਆਨੇ ਦੀ ਦੁਕਾਨ ਤੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌ-ਤ ਹੋ ਗਈ। ਇਸ ਹਾਦਸੇ ਵਿੱਚ ਕਈ ਲੋਕ ਬੇਹੋਸ਼ ਹੋ ਗਏ। ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਪੁਲਿਸ ਨਾਕਾਬੰਦੀ ਕਰਦੇ ਹੋਏ ਕਿਸੇ ਨੂੰ ਵੀ ਘਟਨਾ ਸਥਾਨ ਉਤੇ ਨਹੀਂ ਜਾਣ ਦੇ ਰਹੀ। ਬਚਾਅ ਮੁਹਿੰਮ ਚਲਾ ਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਊਤੇ ਪਹੁੰਚਾਇਆ ਜਾ ਰਿਹਾ ਹੈ। ਪੁਲਿਸ ਡਰੋਨ ਦੀ ਮਦਦ ਨਾਲ ਛੱਤਾਂ ਉਤੇ ਚੈਕਿੰਗ ਕਰ ਰਹੀ ਹੈ ਕਿ ਕਿਤੇ ਕਿਸੇ ਘਰ ਦੀ ਛੱਤ ਤੇ ਕੋਈ ਗੈਸ ਨਾਲ ਪ੍ਰਭਾਵਿਤ ਤਾਂ ਨਹੀਂ ਹੋਇਆ ਹੈ।
ਇਹ ਹਾਦਸਾ ਲੁਧਿਆਣਾ ਦੇ ਗਿਆਸਪੁਰ ਇਲਾਕੇ ਵਿਚ ਵਾਪਰਿਆ ਹੈ। ਪੁਲਿਸ ਮੁਤਾਬਕ ਗਿਆਸਪੁਰਾ ਇਲਾਕੇ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਗਈਆਂ ਹਨ। ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਚਸ਼ਮਦੀਦਾਂ ਮੁਤਾਬਕ ਅਚਾਨਕ ਗੈਸ ਲੀਕ ਹੋਣ ਕਾਰਨ ਭਗ-ਦੜ ਵਰਗੀ ਸਥਿਤੀ ਪੈਦਾ ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਨੇੜਲੀ ਦੁਕਾਨ ਤੋਂ ਗੈਸ ਲੀਕ ਹੋਈ ਹੈ। ਜਿਵੇਂ ਹੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਾਰੇ ਇਧਰ ਉਧਰ ਭੱਜਣ ਲੱਗੇ।
ਜ਼ਿਆਦਾਤਰ ਲੋਕ ਭੱਜ ਕੇ ਦੂਰ ਪਹੁੰਚ ਗਏ ਹਨ। ਲੁਧਿਆਣਾ ਪੱਛਮੀ ਦੀ ਐਸ. ਡੀ. ਐਮ. ਸਵਾਤੀ ਨੇ ਦੱਸਿਆ ਕਿ ਇਹ ਗੈਸ ਲੀਕ ਹੋਣ ਦਾ ਮਾਮਲਾ ਹੈ। NDRF ਦੀ ਟੀਮ ਇੱਥੇ ਪਹੁੰਚ ਗਈ ਹੈ। ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਤਕਨੀਕੀ ਟੀਮ ਆਪਣੀ ਜਾਂਚ ਤੋਂ ਬਾਅਦ ਗੈਸ ਲੀਕ ਦੇ ਸਰੋਤ ਦਾ ਖੁਲਾਸਾ ਕਰੇਗੀ। ਗੈਸ ਕੀ ਹੈ, ਇਸ ਦਾ ਖੁਲਾਸਾ ਵੀ ਮਾਹਿਰਾਂ ਦੀ ਟੀਮ ਕਰੇਗੀ। ਪੁਲਿਸ ਅਨੁਸਾਰ ਗੋਇਲ ਕਿਰਨਾ ਨਾਮ ਦੀ ਦੁਕਾਨ ਤੋਂ ਗੈਸ ਲੀਕ ਹੋਈ ਹੈ। ਗੈਸ ਬਾਰੇ ਪਤਾ ਲਗਾਉਣ ਲਈ ਫੋਰੈਂਸਿਕ ਮਾਹਿਰ ਮੌਕੇ ਉਤੇ ਪਹੁੰਚ ਗਏ ਹਨ।
11 ਮ੍ਰਿਤਕਾਂ ਦੀ ਪਹਿਚਾਣ ਕੀਤੀ ਗਈ
ਇਨ੍ਹਾਂ ਮ੍ਰਿਤਕਾਂ ਵਿਚ 5 ਔਰਤਾਂ ਅਤੇ 6 ਆਦਮੀ ਸ਼ਾਮਲ ਹਨ। ਮ੍ਰਿਤਕਾਂ ਦੀ ਪਹਿਚਾਣ ਸੌਰਵ ਉਮਰ 35, ਵਰਸ਼ਾ ਉਮਰ 35, ਆਰੀਅਨ ਉਮਰ 10, ਚੋਲੂ ਉਮਰ 16, ਅਭੈ ਉਮਰ 13, ਅਣਪਛਾਤੀ ਔਰਤ ਉਮਰ 40, ਅਣਪਛਾਤੀ ਔਰਤ ਉਮਰ 25, ਕਲਪੇਸ਼ ਉਮਰ 40, ਅਣਪਛਾਤਾ ਵਿਅਕਤੀ ਉਮਰ 25 ਤੋਂ ਇਲਾਵਾ ਨੀਤੂ ਦੇਵੀ ਅਤੇ ਨਵਨੀਤ ਕੁਮਾਰ ਦੇ ਰੂਪ ਵਜੋਂ ਹੋਈ ਹੈ।
ਘਟਨਾ ਸਥਾਨ ਤੇ ਜਾਣ ਦੀ ਆਮ ਲੋਕਾਂ ਨੂੰ ਮਨਾਹੀ
ਘਟਨਾ ਵਾਲੀ ਥਾਂ ਨੇੜੇ ਰਹਿਣ ਵਾਲੇ ਡਾਕਟਰ ਸ਼ੰਭੂਨਾਰਾਇਣ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਉਨ੍ਹਾਂ ਦੇ ਘਰ ਦੇ 5 ਵਿਅਕਤੀ ਬੇਹੋਸ਼ ਹੋ ਗਏ ਹਨ। ਉਨ੍ਹਾਂ ਨੂੰ ਘਰ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਦਾ ਅਸਰ ਆਸ-ਪਾਸ ਦੇ ਸਾਰੇ ਲੋਕਾਂ ਤੇ ਪਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਟਵੀਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਗੈਸ ਲੀਕ ਹੋਣ ਦੀ ਘਟਨਾ ਦੁਖਦ ਹੈ। ਪ੍ਰਸ਼ਾਸਨ ਅਤੇ NDRF ਦੀਆਂ ਟੀਮਾਂ ਘਟਨਾ ਵਾਲੀ ਥਾਂ ਉਤੇ ਮੌਜੂਦ ਹਨ। ਉਨ੍ਹਾਂ ਵਲੋਂ ਹਰ ਸੰਭਵ ਹੈਲਪ ਕੀਤੀ ਜਾ ਰਹੀ ਹੈ।
ਮੈਡੀਕਲ ਮਾਹਿਰਾਂ ਦੀ ਟੀਮ ਬੁਲਾਈ ਗਈ
ਮੌਕ ਵਿੱਚ ਮੌਜੂਦ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਗਿਆਸਪੁਰਾ ਵਿੱਚ ਗੋਇਲ ਕਿਰਨਾ ਸਟੋਰ ਦੇ ਨੇੜੇ ਗੈਸ ਲੀਕ ਹੋਈ ਹੈ। ਹਾਦਸੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਮੈਡੀਕਲ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕਾਂ ਦੇ ਰਿਸ਼ਤੇਦਾਰ ਸਦਮੇ ਵਿਚ ਬੁਰਾ ਹਾਲ ਹੈ।