ਪੰਜਾਬ ਨੈਸ਼ਨਲ ਬੈਂਕ ਦੇ ਤਿੰਨ ਕਰਮਚਾਰੀਆਂ ਦੀਆਂ ਦੇਹਾ NDRF ਵਲੋਂ ਬਰਾਮਦ ਕੀਤੀਆਂ ਗਈਆਂ ਹਨ। ਇਹ ਸਾਰੇ XUV ਕਾਰ ਸਣੇ ਪੰਜਾਬ ਦੇ ਪਠਾਨਕੋਟ ਵਿੱਚ UBDC ਨਹਿਰ ਵਿੱਚ ਡਿੱਗ ਪਏ ਸਨ। ਐਤਵਾਰ ਨੂੰ ਰਾਤ ਭਰ ਚੱਲੇ ਇਸ ਬਚਾਅ ਕਾਰਜ ਵਿੱਚ ਕਰੀਬ 2 ਵਜੇ ਰਾਤ ਨੂੰ ਇੱਕ ਨੌਜਵਾਨ ਦੀ ਦੇਹ ਮਿਲੀ, ਜਦੋਂ ਕਿ ਦੂਜੇ ਦੋ ਵਿਅਕਤੀਆਂ ਦੀਆਂ ਦੇਹਾ ਸੋਮਵਾਰ ਸਵੇਰੇ ਨਹਿਰ ਵਿਚੋਂ ਮਿਲੀਆਂ।
ਇਨਾ ਮ੍ਰਿਤਕਾਂ ਦੀ ਪਹਿਚਾਣ ਅਸ਼ੋਕ ਕੁਮਾਰ ਵਾਸੀ ਮਾਧੋਪੁਰ, ਅਜੈ ਬਾਬੁਲ ਵਾਸੀ ਚੰਡੀਗੜ੍ਹ ਅਤੇ ਵਿਸ਼ਾਲ ਵਾਸੀ ਪਠਾਨਕੋਟ ਦੇ ਰੂਪ ਵਜੋਂ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਐਤਵਾਰ ਸ਼ਾਮ 7 ਵਜੇ ਤੋਂ ਬਾਅਦ ਵਾਪਰੀ ਸੀ। ਮਾਧੋਪੁਰ ਦਾ ਅਸ਼ੋਕ, ਜੋ ਕਿ ਗੱਡੀ ਚਲਾਉਣਾ ਸਿੱਖ ਰਿਹਾ ਸੀ, ਆਪਣਾ ਕੰਟਰੋਲ ਗੁਆ ਬੈਠਾ ਅਤੇ ਨਹਿਰ ਵਿੱਚ ਜਾ ਡਿੱਗਾ। ਇਸ ਦੇ ਨਾਲ ਹੀ ਕਾਰ ਵਿਚ ਸਵਾਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦਾ ਰਹਿਣ ਵਾਲਾ ਸੁਰਿੰਦਰ ਸ਼ਰਮਾ ਅਤੇ ਬਿਹਾਰ ਦੇ ਵੈਸ਼ਾਲੀ ਦਾ ਰਹਿਣ ਵਾਲਾ ਪ੍ਰਿੰਸ ਰਾਜ ਆਪਣੇ ਆਪ ਬਾਹਰ ਨਿਕਲ ਆਏ ਸਨ। ਇਸ ਦੇ ਨਾਲ ਹੀ ਐਨ. ਡੀ. ਆਰ. ਐਫ. ਨੇ ਵੀ ਰਾਤ 2 ਵਜੇ ਦੇ ਕਰੀਬ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਸੀ।
ਬਚਾਅ ਕਾਰਜ ਰਾਤ 2 ਵਜੇ ਤੱਕ ਚੱਲਿਆ
14 ਐਨ. ਡੀ. ਆਰ. ਐਫ. ਜਸੂਰ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਰਾਤ ਨੂੰ ਟੀਮ ਸਮੇਤ ਪਹੁੰਚ ਗਏ। NDRF ਨੇ ਰਾਤ 2 ਵਜੇ ਤੱਕ ਬਚਾਅ ਕਾਰਜ ਜਾਰੀ ਰੱਖਿਆ। ਜਦੋਂ ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਵਿਚ ਕੋਈ ਦੇਹ ਨਹੀਂ ਮਿਲੀ ਪਰ ਕੁਝ ਦੂਰੀ ਉਤੇ ਇਕ ਨੌਜਵਾਨ ਦੀ ਦੇਹ ਮਿਲੀ। ਇਸ ਤੋਂ ਬਾਅਦ ਸੋਮਵਾਰ ਸਵੇਰੇ ਪੰਜ ਵਜੇ ਦੁਬਾਰਾ ਮੁਹਿੰਮ ਸ਼ੁਰੂ ਕੀਤੀ ਗਈ। ਇਸ ਵਿੱਚ ਇੱਕ ਨੌਜਵਾਨ ਦੀ ਦੇਹ ਕਾਰ ਤੋਂ 100 ਮੀਟਰ ਦੂਰ ਅਤੇ ਦੂਜੇ ਦੀ ਦੋ ਕਿਲੋਮੀਟਰ ਦੂਰੀ ਤੋਂ ਮਿਲੀ। ਅਧਿਕਾਰੀ ਦਾ ਕਹਿਣਾ ਹੈ ਕਿ ਤਿੰਨੋਂ ਦੇਹਾ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਸਾਰੀਆਂ ਦੇਹਾ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਐਤਵਾਰ ਨੂੰ ਛੁੱਟੀ ਹੋਣ ਕਾਰਨ ਘੁੰਮਣ ਗਏ ਸਨ ਪੰਜ ਦੋਸਤ
ਪੁਲਿਸ ਸੂਤਰਾਂ ਅਨੁਸਾਰ ਹਾਦਸੇ ਵਿਚ ਬਚੇ ਸੁਰਿੰਦਰ ਸ਼ਰਮਾ ਅਤੇ ਪ੍ਰਿੰਸ ਰਾਜ ਨੇ ਦੱਸਿਆ ਕਿ ਐਤਵਾਰ ਨੂੰ ਬੈਂਕ ਵਿਚ ਛੁੱਟੀ ਹੋਣ ਕਰਕੇ ਇਸ ਲਈ ਉਹ ਪੰਜੇ ਦੋਸਤ ਬਾਹਰ ਘੁੰਮਣ ਲਈ ਗਏ ਸਨ। ਅਸ਼ੋਕ ਕੁਮਾਰ ਕਾਰ ਚਲਾਉਣਾ ਸਿੱਖ ਰਿਹਾ ਸੀ। ਸਾਰੇ ਦੋਸਤ ਯੂਬੀਡੀਸੀ ਨਹਿਰ ਦੇ ਕੰਢੇ ਸਥਿਤ ਪਿੰਡ ਮਿਰਜ਼ਾਪੁਰ ਤੋਂ ਮਾਧੋਪੁਰ ਵੱਲ ਆ ਰਹੇ ਸਨ। ਇਸ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸਮੇਤ ਸਾਰੇ ਹੀ ਨਹਿਰ ਵਿੱਚ ਜਾ ਡਿੱਗੇ। ਡੀ. ਐਸ. ਪੀ. ਧਾਰਕਲਾਂ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੀਆਂ ਦੇਹਾ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।