ਕਿਸਾਨ ਨੇ ਕਰਜੇ ਦੀ ਚਿੰਤਾ ਵਿਚ ਕਰ ਲਿਆ ਦੁਖਦ ਕੰਮ, ਥੋੜ੍ਹੇ ਦਿਨਾਂ ਬਾਅਦ ਸੀ ਪੁੱਤਰ ਦਾ ਵਿਆਹ

Punjab

ਪੰਜਾਬ ਵਿਚ ਅਬੋਹਰ ਸਬ ਡਵੀਜ਼ਨ ਦੇ ਪਿੰਡ ਬਹਾਵਲਵਾਸੀ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਹਿਚਾਣ ਰਾਮਪਾਲ ਉਮਰ 50 ਸਾਲ ਪੁੱਤਰ ਬਨਵਾਰੀ ਲਾਲ ਦੇ ਰੂਪ ਵਜੋਂ ਹੋਈ ਹੈ।

6 ਕਿਲੇ ਜ਼ਮੀਨ ਠੇਕੇ ਤੇ ਲੈ ਕੇ ਬੀਜੀ ਸੀ ਕਣਕ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਪੰਚਾਇਤੀ ਜ਼ਮੀਨ ਠੇਕੇ ਉਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ। ਪਿਛਲੇ ਸਾਲ ਕੁਦਰਤੀ ਆਫਤ ਕਾਰਨ ਸਰ੍ਹੋਂ ਅਤੇ ਨਰਮੇ ਦੀ ਫਸਲ ਖਰਾਬ ਹੋ ਗਈ ਸੀ, ਜਿਸ ਕਾਰਨ ਉਹ ਪੰਚਾਇਤ ਨੂੰ ਸਾਰਾ ਠੇਕਾ ਨਹੀਂ ਦੇ ਸਕਿਆ ਸੀ। ਇਸ ਵਾਰ ਵੀ ਉਸ ਦੇ ਪਿਤਾ ਨੇ 6 ਕਿਲੇ ਜ਼ਮੀਨ ਠੇਕੇ ਉਤੇ ਲਈ ਸੀ, ਪਰ ਕਣਕ ਦੀ ਫ਼ਸਲ ਖਰਾਬ ਹੋ ਗਈ।

ਵਿਆਹ ਦੇ ਪ੍ਰਬੰਧ ਨਾ ਹੋਣ ਕਾਰਨ ਸੀ ਚਿੰਤਾ 

ਅਰਵਿੰਦਰ ਦੇ ਦੱਸਣ ਅਨੁਸਾਰ , ਫਸਲ ਲਈ ਖਾਦਾਂ ਅਤੇ ਕੀੜੇਮਾਰ ਦਵਾਈਆਂ ਆਦਿ ਦੇ ਕਰਕੇ ਆੜ੍ਹਤੀਏ ਦਾ ਕਾਫੀ ਕਰਜਾ ਸਿਰ ਹੋ ਗਿਆ, ਜਿਸ ਕਾਰਨ ਪਿਤਾ ਚਿੰਤਾ ਵਿਚ ਰਹਿੰਦਾ ਸੀ। ਇਸ ਦੌਰਾਨ ਪਿਤਾ ਨੇ ਉਸ ਦਾ ਵਿਆਹ ਤੈਅ ਕਰ ਲਿਆ ਅਤੇ ਵਿਆਹ ਦੀ ਰਸਮ ਇਸੇ ਮਹੀਨੇ ਦੀ 20 ਤਰੀਕ ਨੂੰ ਹੋਣੀ ਸੀ ਪਰ ਪੈਸੇ ਨਾ ਹੋਣ ਕਾਰਨ ਪਿਤਾ ਵਿਆਹ ਦਾ ਪ੍ਰਬੰਧ ਕਰਨ ਵਿਚ ਅਸਮਰੱਥ ਸੀ।

ਧਾਰਾ 174 ਤਹਿਤ ਕੀਤੀ ਗਈ ਕਾਰਵਾਈ

ਅਰਵਿੰਦਰ ਨੇ ਦੱਸਿਆ ਕਿ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਐਤਵਾਰ ਸ਼ਾਮ ਨੂੰ ਘਰ ਵਿਚ ਰੱਖੀ ਕੋਈ ਜ਼ਹਿਰ ਵਾਲੀ ਚੀਜ਼ ਨਿਗਲ ਲਈ। ਉਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਰਾਤ ਕਰੀਬ 9 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਸਦਰ ਦੇ ਏ. ਐਸ. ਆਈ. ਗੁਰਮੇਲ ਸਿੰਘ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਦੇਹ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

Leave a Reply

Your email address will not be published. Required fields are marked *