ਪੰਜਾਬ ਦੇ ਜ਼ਿਲ੍ਹਾ ਰੂਪਨਗਰ (ਰੋਪੜ੍ਹ) ਵਿਚ ਦੁਖ ਭਰਿਆ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਥੋਂ ਦੇ ਨੂਰਪੁਰਬੇਦੀ ਤੋਂ ਬੁੰਗਾ ਸਾਹਿਬ ਮੁੱਖ ਮਾਰਗ ਉਤੇ ਪੈਂਦੇ ਪਿੰਡ ਬੜਵਾ ਦੇ ਨੇੜੇ ਇੱਕ ਅਣਪਛਾਤੇ ਕਾਰ ਡਰਾਈਵਰ ਨੇ ਸੈਰ ਕਰ ਰਹੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ਵਿਚ ਨੌਜਵਾਨ ਦੀ ਮੌ-ਤ ਹੋ ਗਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਧਰਮਪਾਲ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਣਜੀਤ ਸਿੰਘ ਪੁੱਤਰ ਉਜਾਗਰ ਸਿੰਘ ਪਿੰਡ ਮੂਸਾਪੁਰ ਦੇ ਰਹਿਣ ਵਾਲੇ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਦਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਮੂਸਾਪੁਰ (ਜੋ ਕਿ ਟਰਾਲਾ ਡਰਾਈਵਰ ਸੀ) ਆਪਣੇ ਪਿੰਡ ਦੇ ਅਵਤਾਰ ਸਿੰਘ ਨਾਲ ਸਵੇਰੇ 5.30 ਵਜੇ ਦੇ ਕਰੀਬ ਬੁੰਗਾ ਸਾਹਿਬ ਵੱਲ ਤੋਂ ਪੈਦਲ ਸੈਰ ਕਰਦੇ ਹੋਏ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਪਿੰਡ ਬੜਵਾ ਨੇੜੇ ਪਹੁੰਚੇ ਤਾਂ ਨੂਰਪੁਰਬੇਦੀ ਵੱਲੋਂ ਆ ਰਹੇ ਇੱਕ ਤੇਜ਼ ਸਪੀਡ ਕਾਰ ਡਰਾਈਵਰ ਨੇ ਲਾਪ੍ਰਵਾਹੀ ਦੇ ਨਾਲ ਕਾਰ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਅਵਤਾਰ ਸਿੰਘ ਆਪਣਾ ਬਚਾਅ ਕਰਦੇ ਹੋਏ ਇੱਕ ਪਾਸੇ ਹੋ ਗਿਆ ਪਰ ਦਲਜੀਤ ਸਿੰਘ ਫੇਟ ਲੱਗਣ ਕਾਰਨ ਸੜਕ ਕਿਨਾਰੇ ਡਿੱਗ ਗਿਆ। ਜ਼ਖਮੀ ਦਲਜੀਤ ਸਿੰਘ ਦੇ ਸਿਰ ਵਿੱਚੋਂ ਬਲੱਡ ਵਹਿ ਰਿਹਾ ਸੀ।
ਉਸ ਨੇ ਦੱਸਿਆ ਕਿ ਦਲਜੀਤ ਸਿੰਘ ਨੂੰ ਟੱਕਰ ਮਾਰਨ ਵਾਲਾ ਕਾਰ ਡਰਾਈਵਰ ਹਾਦਸੇ ਤੋਂ ਬਾਅਦ ਆਪਣੀ ਕਾਰ ਸਮੇਤ ਬੁੰਗਾ ਸਾਹਿਬ ਵੱਲ ਨੂੰ ਭੱਜ ਗਿਆ। ਇਸ ਹਾਦਸੇ ਵਿੱਚ ਦਲਜੀਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਵੱਲੋਂ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੀ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਅਣਪਛਾਤੇ ਵਾਹਨ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।