ਇਹ ਸਮਾਚਾਰ ਫਰੀਦਕੋਟ ਤੋਂ ਪ੍ਰਾਪਤ ਹੋਇਆ ਹੈ। ਇਥੇ ਇਕ ਵਪਾਰੀ ਵਲੋਂ ਵੀਡੀਓ ਬਣਾਉਣ ਤੋਂ ਬਾਅਦ ਨਹਿਰ ਵਿਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੇ ਦੋਸ਼ ਵਿਚ ਥਾਣਾ ਸਦਰ ਵਿਖੇ 3 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਗਗਨਦੀਪ ਤਨੇਜਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਦੁਆਰੇਆਣਾ ਰੋਡ, ਕੋਟਕਪੂਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਭਰਾ ਨਰਿੰਦਰ ਕੁਮਾਰ ਉਮਰ 40 ਸਾਲ ਪਿੰਡੋਂ ਪਿੰਡ ਵਿਚ ਜਾ ਕੇ ਸਾਮਾਨ ਵੇਚਣ ਦਾ ਕੰਮ ਕਰਦਾ ਸੀ ਅਤੇ ਉਸ ਦਾ ਇੰਦਰਜੀਤ ਸਿੰਘ ਪੁੱਤਰ ਕਰਨੈਲ ਸਿੰਘ, ਨਰਿੰਦਰ ਸਿੰਘ ਉਰਫ਼ ਸੋਨਾ ਪੁੱਤਰ ਕਰਨੈਲ ਸਿੰਘ ਅਤੇ ਰੋਹਿਤ ਪੁੱਤਰ ਦਰਸ਼ਨ ਵਾਸੀ ਸੁਰਗਾਪੁਰੀ ਦੇ ਨਾਲ ਪੈਸਿਆਂ ਦਾ ਲੈਣ ਦੇਣ ਚਲਦਾ ਸੀ। ਜਿਸ ਕਾਰਨ ਉਸ ਦਾ ਭਰਾ ਬਹੁਤ ਪ੍ਰੇਸ਼ਾਨ ਰਹਿੰਦਾ ਸੀ।
ਸ਼ਿਕਾਇਤ ਕਰਨ ਵਾਲੇ ਨੇ ਦੱਸਿਆ ਕਿ ਉਸ ਦੇ ਭਰਾ ਨੇ ਜਦੋਂ ਉਸ ਨੂੰ ਦੱਸਿਆ ਕਿ ਉਕਤ ਸਾਰੇ ਉਸ ਤੋਂ 2 ਲੱਖ ਰੁਪਏ ਦੀ ਮੰਗ ਕਰ ਰਹੇ ਹਨ ਤਾਂ ਉਸ ਨੇ ਆਪਣੇ ਭਰਾ ਦੀ ਮਦਦ ਲਈ ਉਸ ਨੂੰ ਕੁਝ ਪੈਸੇ ਵੀ ਦਿੱਤੇ ਸਨ ਪਰ ਉਸ ਦੇ ਭਰਾ ਨੂੰ ਉਕਤ ਲੋਕਾਂ ਵੱਲੋਂ ਜਿਆਦਾ ਤੰਗ ਪ੍ਰੇਸ਼ਾਨ ਕਰਨ ਕਾਰਨ ਨਰਿੰਦਰ ਕੁਮਾਰ ਨੇ ਫਰੀਦਕੋਟ ਦੀ ਰਾਜਸਥਾਨ ਫੀਡਰ ਨਹਿਰ ਵਿਚ ਛਾਲ ਮਾਰ ਕੇ ਖੁ-ਦ-ਕੁ-ਸ਼ੀ ਕਰ ਲਈ। ਪੁਲਿਸ ਵਲੋਂ ਇਨ੍ਹਾਂ ਬਿਆਨਾਂ ਉਤੇ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਤੀਜੇ ਦੋਸ਼ੀ ਰੋਹਿਤ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ।
ਇਥੇ ਦੱਸਣਯੋਗ ਹੈ ਕਿ 6 ਮਈ ਨੂੰ ਕੋਟਕਪੂਰਾ ਦੇ ਰਹਿਣ ਵਾਲੇ ਨਰਿੰਦਰ ਕੁਮਾਰ ਨੇ ਇਥੋਂ ਦੀ ਨਹਿਰ ਦੇ ਕੰਢੇ ਖੜ੍ਹੇ ਹੋ ਕੇ ਰੋਂਦੇ ਹੋਏ ਆਪਣਾ ਦੁੱਖ ਜ਼ਾਹਰ ਕੀਤਾ ਅਤੇ ਆਪਣੇ ਪਰਿਵਾਰ ਵਾਲਿਆਂ ਤੋਂ ਮੁਆਫੀ ਮੰਗਦੇ ਹੋਏ ਪਹਿਲਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਪਾ ਦਿੱਤੀ ਅਤੇ ਉਸ ਤੋਂ ਬਾਅਦ ਨਹਿਰ ਵਿਚ ਛਾਲ ਮਾਰ ਦਿੱਤੀ। ਜਦੋਂ ਕੁਝ ਲੋਕਾਂ ਨੇ ਮ੍ਰਿਤਕ ਨਰਿੰਦਰ ਕੁਮਾਰ ਦੀ ਦੇਹ ਨਹਿਰ ਦੇ ਕੰਢੇ ਤੈਰਦੀ ਹੋਈ ਦੇਖੀ ਤਾਂ ਉਨ੍ਹਾਂ ਵਲੋਂ ਸੂਚਿਤ ਕਰਨ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਸਹਾਰਾ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਦੇਹ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ।