ਪੰਜਾਬ ਦੇ ਜਿਲ੍ਹਾ ਮੋਹਾਲੀ ਤੋਂ ਇੱਕ ਦਿਲ ਨੂੰ ਝੰਜੋੜ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੀ ਹੀ ਔਲਾਦ ਨੂੰ ਮਾਰ ਦਾ ਗਲਤ ਫੈਸਲਾ ਤਹਿ ਕਰ ਲਿਆ। ਉਸ ਨੇ ਇਹ ਸਭ ਕੁਝ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਕੀਤਾ। ਉਸ ਵਲੋਂ ਦੋਵੇਂ ਬੱਚਿਆਂ ਨੂੰ ਕੋਲਡ ਡਰਿੰਕ ਵਿਚ ਜ਼ਹਿਰ ਮਿਲਾ ਕੇ ਪਿਲਾਇਆ ਗਿਆ ਪਰ ਉਹ ਆਪਣੀ ਪਤਨੀ ਨੂੰ ਜ਼ਹਿਰ ਦੇਣ ਵਿਚ ਅਸਫਲ ਰਿਹਾ।
ਜਦੋਂ ਉਹ ਆਪਣੀ ਪਤਨੀ ਨੂੰ ਜਹਿਰ ਨਾ ਪਿਲਾ ਸਕਿਆ ਤਾਂ ਉਸ ਨੇ ਖੁਦ ਹੀ ਜ਼ਹਿਰ ਵਾਲਾ ਕੋਲਡ ਡਰਿੰਕ ਪੀ ਲਿਆ। ਪਰ ਉਸ ਨੂੰ ਕੁਝ ਨਹੀਂ ਹੋਇਆ ਜਦੋਂ ਕਿ ਜ਼ਹਿਰੀਲਾ ਕੋਲਡ ਡਰਿੰਕ ਪੀਣ ਨਾਲ 12 ਸਾਲਾ ਬੇਟੀ ਖੁਸ਼ਪ੍ਰੀਤ ਕੌਰ ਦੀ ਮੌ-ਤ ਹੋ ਗਈ ਅਤੇ 14 ਸਾਲਾ ਪੁੱਤਰ ਪ੍ਰਦੀਪ ਸਿੰਘ ਗੰਭੀਰ ਹਾਲ ਵਿਚ ਹਸਪਤਾਲ ਵਿਚ ਭਰਤੀ ਹੈ। ਇਸ ਤੋਂ ਦੋਸ਼ੀ ਪਿਤਾ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੋਸ਼ੀ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਇਕ ਔਰਤ ਨਾਲ ਨਜਾਇਜ ਸਬੰਧ ਸਨ ਅਤੇ ਉਹ ਉਸ ਉਤੇ ਵੀ ਸ਼ੱਕ ਕਰਦਾ ਸੀ। ਉਹ ਰੋਜ਼ ਉਸ ਨਾਲ ਅਤੇ ਬੱਚਿਆਂ ਨਾਲ ਕੁੱਟ-ਮਾਰ ਕਰਦਾ ਸੀ। ਸ਼ਨੀਵਾਰ ਨੂੰ ਜਦੋਂ ਦੋਵੇਂ ਬੱਚੇ ਸਕੂਲ ਤੋਂ ਵਾਪਸ ਆਏ ਤਾਂ ਉਸ ਨੇ ਦੋਵਾਂ ਬੱਚਿਆਂ ਨੂੰ ਜ਼ਹਿਰ ਵਾਲੀ ਕੋਲਡ ਡਰਿੰਕ ਪਿਲਾ ਦਿੱਤੀ। ਇਸ ਤੋਂ ਬਾਅਦ ਉਸ ਨੇ ਮੈਨੂੰ ਵੀ ਪਿਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਅਸਫਲ ਰਿਹਾ ਤਾਂ ਉਸ ਨੇ ਖੁਦ ਹੀ ਪੀ ਲਈ। ਜਦੋਂ ਬੱਚਿਆਂ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਨੇ ਰੌਲਾ ਪਾਇਆ।
ਮੌਕੇ ਉਤੇ ਪਹੁੰਚੇ ਲਾਗ-ਪਾਸ ਲੋਕਾਂ ਨੇ ਸਾਰਿਆਂ ਨੂੰ ਮੋਰਿੰਡਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ। ਉਥੋਂ ਉਨ੍ਹਾਂ ਨੂੰ ਮੁੜ ਰੋਪੜ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਇੱਥੇ ਡਾਕਟਰਾਂ ਨੇ ਬੇਟੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀਐਮਸੀਐਚ ਹਸਪਤਾਲ ਰੈਫਰ ਕਰ ਦਿੱਤਾ। ਇੱਥੇ ਰਾਤ ਸਮੇਂ ਬੇਟੀ ਦੀ ਮੌ-ਤ ਹੋ ਗਈ ਜਦੋਂ ਕਿ ਬੇਟਾ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ।
ਧੀ ਦੀ ਮੌ-ਤ ਦੀ ਖ਼ਬਰ ਸੁਣਦੇ ਹੀ ਹਸਪਤਾਲ ਤੋਂ ਭੱਜਿਆ
ਦੋਸ਼ੀ ਪਿਤਾ ਨੇ ਖੁਦ ਵੀ ਜ਼ਹਿਰੀਲੀ ਕੋਲਡ ਡਰਿੰਕ ਪੀਤੀ ਹੋਈ ਸੀ ਅਤੇ ਉਸ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੇਰ ਰਾਤ ਜਦੋਂ ਉਸ ਨੂੰ ਆਪਣੀ ਧੀ ਦੀ ਮੌ-ਤ ਦੀ ਖਬਰ ਮਿਲੀ ਅਤੇ ਪਤਾ ਲੱਗਾ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਉਹ ਹਨੇਰੇ ਦਾ ਫਾਇਦਾ ਉਠਾ ਕੇ ਉਥੋਂ ਭੱਜ ਗਿਆ। ਦੋਸ਼ੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਇਨ੍ਹਾਂ ਦੇ ਵੱਡੇ ਪੁੱਤਰ ਦੀ ਸੱਪ ਦੇ ਡੱਸਣ ਨਾਲ ਮੌ-ਤ ਹੋ ਗਈ ਸੀ। ਇਸ ਤੋਂ ਬਾਅਦ ਵੀ ਦੋਸ਼ੀ ਪਿਤਾ ਬਾਜ ਨਹੀਂ ਆਇਆ। ਹੁਣ ਫਿਰ ਉਹ ਆਪਣੇ ਹੀ ਪਰਿਵਾਰ ਦਾ ਦੁਸ਼ਮਣ ਬਣ ਗਿਆ ਹੈ।
ਇਸ ਮਾਮਲੇ ਸਬੰਧੀ ਸਥਾਨਕ ਥਾਣਾ ਐਸ. ਐਚ. ਓ. ਅਕਾਸ ਸ਼ਰਮਾ ਨੇ ਦੱਸਿਆ ਕਿ ਪਿੰਡ ਨੱਗਲ ਸਿੰਘਾਂ ਦੇ ਰਹਿਣ ਵਾਲਾ ਕੁਲਵਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਸ ਨੇ ਪਤਨੀ ਨਾਲ ਸ਼ੱਕੀ ਘਰੇਲੂ ਕਲੇਸ਼ ਦੇ ਚੱਲਦੇ ਆਪਣੇ ਪੁੱਤਰ ਪ੍ਰਦੀਪ ਸਿੰਘ ਉਮਰ 14 ਸਾਲ ਅਤੇ ਧੀ ਖੁਸ਼ਪ੍ਰੀਤ ਕੌਰ ਉਮਰ 12 ਸਾਲ ਨੂੰ ਜਬਰਦਸਤੀ ਜਹਿਰ ਪਿਲਾ ਦਿੱਤਾ। ਜਿਨ੍ਹਾਂ ਵਿਚੋਂ ਧੀ ਦੀ ਮੌਤ ਹੋ ਗਈ ਅਤੇ ਪੁੱਤ ਦਾ ਇਲਾਜ ਚੱਲ ਰਿਹਾ ਹੈ। ਉਕਤ ਮਾਮਲੇ ਵਿਚ ਪਤਨੀ ਪਿੰਕੀ ਦੇਵੀ ਦੇ ਬਿਆਨਾਂ ਦੇ ਅਧਾਰ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।