ਪੰਜਾਬ ਵਿਚ ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਮੰਡੀ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਜਣੇਪੇ ਤੋਂ ਬਾਅਦ ਨਵ-ਜੰਮੀ ਬੇਟੀ ਦੀ ਮਾਂ ਦੀ ਕਥਿਤ ਮੌ-ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਲੋਂ ਮੈਡੀਕਲ ਸਟਾਫ ਉਤੇ ਦੋਸ਼ ਲਾਏ ਗਏ ਹਨ, ਜਿਸ ਤੋਂ ਬਾਅਦ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਸਾਹਮਣੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਨਿਆਣਾ ਮੰਡੀ ਦੀ ਰਹਿਣ ਵਾਲੀ ਰੰਜਨਾ ਪਤਨੀ ਹਰਸ਼ਪ੍ਰੀਤ ਗਰਭ-ਵਤੀ ਸੀ, ਜਿਸ ਨੂੰ ਇੱਕ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਨਾਰਮਲ ਡਿਲੀਵਰੀ ਹੋਈ। ਇਸ ਦੌਰਾਨ ਉਸ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਉਸ ਦੀ ਹਾਲਤ ਵਿੱਚ ਸੁਧਾਰ ਨੂੰ ਦੇਖਦਿਆਂ ਡਾਕਟਰ ਨੇ ਉਸ ਨੂੰ ਸ਼ਾਮ 5 ਵਜੇ ਨਵ-ਜੰਮੀ ਬੱ-ਚੀ ਸਮੇਤ ਛੁੱਟੀ ਦੇ ਦਿੱਤੀ। ਇੱਕ ਘੰਟੇ ਬਾਅਦ ਰੰਜਨਾ ਰਾਣੀ ਦੇ ਪਰਿਵਾਰਕ ਮੈਂਬਰਾਂ, ਪਤੀ ਹਰਸ਼ਪ੍ਰੀਤ, ਵਿਜੇ, ਬੱਬੀ, ਸੰਨੀ, ਵਿਜੇ, ਆਸਰਾਨੀ, ਸ਼ਾਂਤੀ ਦੇਵੀ ਆਦਿ ਨੇ ਦੱਸਿਆ ਕਿ ਜਦੋਂ ਰੰਜਨਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌ-ਤ ਹੋ ਚੁੱਕੀ ਸੀ।
ਪਰਿਵਾਰਕ ਮੈਂਬਰਾਂ ਨੇ ਡਾਕਟਰ ਉਤੇ ਦੋਸ਼ ਲਾਇਆ ਕਿ ਰੰਜਨਾ ਦੀ ਹਸਪਤਾਲ ਵਿਚ ਮੌ-ਤ ਹੋ ਗਈ, ਜਦੋਂ ਉਸ ਨੂੰ ਵਾਪਸ ਹਸਪਤਾਲ ਲਿਆਂਦਾ ਗਿਆ ਤਾਂ ਉਹ ਜ਼ਿੰਦਾ ਸੀ, ਇਲਾਜ ਦੌਰਾਨ ਡਾਕਟਰ ਤੋਂ ਗਲਤੀ ਹੋ ਗਈ ਅਤੇ ਉਸ ਦੀ ਮੌ-ਤ ਹੋ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਜਣੇਪੇ ਸਮੇਂ ਮੈਡੀਕਲ ਸਟਾਫ਼ ਨੇ ਕਿਹਾ ਕਿ ਇਹ ਸਾਧਾਰਨ (ਨੌਰਮਲ) ਕੇਸ ਹੈ, ਪਰ ਉਨ੍ਹਾਂ ਨੇ ਰੰਜਨਾ ਦੇ ਟਾਂਕੇ ਲਾਏ।
ਇਸ ਦੌਰਾਨ ਉਸ ਦਾ ਬਲੱਡ ਵਗਣਾ ਬੰਦ ਨਹੀਂ ਹੋਇਆ ਤਾਂ ਡਾਕਟਰ ਨੇ ਜਾਣਬੁੱਝ ਕੇ ਉਸ ਨੂੰ ਘਰ ਭੇਜ ਦਿੱਤਾ, ਜਦੋਂ ਕਿ ਅਸੀਂ ਉਸ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਘਰ ਲਿਜਾਣ ਲਈ ਤਿਆਰ ਨਹੀਂ ਸੀ, ਜਿਵੇਂ ਹੀ ਉਸ ਨੂੰ ਵਾਪਸ ਹਸਪਤਾਲ ਲਿਆਂਦਾ ਗਿਆ ਤਾਂ ਹਸਪਤਾਲ ਵਿਚ ਉਸ ਦੀ ਮੌ-ਤ ਹੋ ਗਈ। ਗੁੱਸੇ ਵਿਚ ਪਰਿਵਾਰਕ ਮੈਂਬਰਾਂ ਨੇ ਉਕਤ ਹਸਪਤਾਲ ਅੱਗੇ ਨਾਅਰੇਬਾਜ਼ੀ ਕੀਤੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਵਿਰੋਧ ਪ੍ਰਦਰਸ਼ਨ ਧਰਨਾ ਜਾਰੀ ਰੱਖਿਆ ਗਿਆ।
ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਲੜਕੀ ਦੀ ਦੇਹ ਹਸਪਤਾਲ ਤੋਂ ਲਿਜਾਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਸਬੰਧੀ ਜਦੋਂ ਹਸਪਤਾਲ ਦੇ ਉਕਤ ਡਾਕਟਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਸ਼ਾਮ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਤਾਂ ਮਾਂ ਅਤੇ ਬੱਚਾ ਦੋਵੇਂ ਠੀਕ ਸਨ।