ਜੰਮੂ ਵਿਚ ਪੰਜਾਬ ਦਾ ਇਕ ਹੋਰ ਜਵਾਨ ਹੋਇਆ ਸ਼ਹੀਦ, ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ ਫੌਜੀ

Punjab

ਪੰਜਾਬ ਦੇ ਜਿਲ੍ਹਾ ਬਰਨਾਲਾ ਦਾ ਫੌਜੀ ਜਵਾਨ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਫੌਜੀ ਜਸਵੀਰ ਸਿੰਘ ਸਮਰਾ ਪਿੰਡ ਵਜੀਦਕੇ ਜੋ ਕਿ ਜੰਮੂ ਵਿੱਚ ਡਿਉਟੀ ਤੇ ਤਾਇਨਾਤ ਸੀ। ਉਹ ਡਿਊਟੀ ਦੌਰਾਨ ਅੱਤਵਾਦੀ ਹਮਲੇ ਵਿੱਚ ਸ਼ਹੀਦ ਗਿਆ। ਬਹਾਦਰ ਫੌਜੀ ਜਵਾਨ ਦੇ ਸ਼ਹੀਦ ਹੋਣ ਦੀ ਸੂਚਨਾ ਪਰਿਵਾਰ ਨੂੰ ਮਿਲ ਗਈ ਹੈ। ਸ਼ਹੀਦ ਜਸਵੀਰ ਸਿੰਘ ਆਪਣੇ ਮਾਤਾ ਪਿਤਾ ਦਾ ਇਕ-ਲੌਤਾ ਪੁੱਤਰ ਸੀ। ਫੌਜੀ ਜਸਵੀਰ ਸਿੰਘ ਦੀ ਸ਼ਹਾਦਤ ਦੀ ਖਬਰ ਸੁਣਨ ਤੋਂ ਬਾਅਦ ਬਰਨਾਲਾ ਦੇ ਪੂਰੇ ਇਲਾਕੇ ਵਿੱਚ ਸਦਮੇ ਦੀ ਲਹਿਰ ਹੈ।

ਪ੍ਰਸ਼ਾਸਨਿਕ ਸੂਤਰਾਂ ਨੇ ਦੱਸਿਆ ਕਿ ਜਸਵੀਰ ਸਿੰਘ ਦੀ ਸ਼ਹਾਦਤ ਦੀ ਸੂਚਨਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਫ਼ੌਜ ਨਾਲ ਸੰਪਰਕ ਵਿੱਚ ਹੈ। ਪ੍ਰਸ਼ਾਸਨ ਅਤੇ ਪਰਿਵਾਰ ਜਸਵੀਰ ਸਿੰਘ ਸਮਰਾ ਬਾਰੇ ਅਗਲੀ ਜਾਣਕਾਰੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਜੱਦੀ ਨਿਵਾਸ ਸਥਾਨ ਉਤੇ ਵੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ।

ਕੱਲ ਸਵੇਰੇ ਆਵੇਗੀ ਮ੍ਰਿਤਕ ਦੇਹ

ਫੌਜੀ ਜਸਵੀਰ ਸਿੰਘ ਸਮਰਾ 10 ਜੇਕੇ ਰਾਈਫਲਜ਼ ਵਿੱਚ ਲਾਂਸ ਨਾਇਕ ਸੀ। ਉਸ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਉਨ੍ਹਾਂ ਦੇ ਜੱਦੀ ਪਿੰਡ ਵਜੀਦਕੇ ਵਿਖੇ ਲਿਆਂਦੀ ਜਾਵੇਗੀ। ਉਥੇ ਹੀ ਫੌਜੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

2 ਮਈ ਨੂੰ ਪਿੰਡ ਤੋਂ ਗਿਆ ਸੀ

ਪਿੰਡ ਵਜੀਦਕੇ ਕਲਾਂ ਦੀ ਸਰਪੰਚ ਗੁਰਮੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਫੌਜੀ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਉਸ ਦਾ ਕੋਈ ਭੈਣ-ਭਰਾ ਨਹੀਂ ਹੈ। ਉਸ ਦੀ ਉਮਰ 25 ਸਾਲ ਦੇ ਕਰੀਬ ਸੀ ਅਤੇ ਅਜੇ ਤੱਕ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਉਹ ਛੁੱਟੀ ਆਇਆ ਹੋਇਆ ਸੀ ਅਤੇ ਇਸ ਮਹੀਨੇ ਦੀ 2 ਮਈ ਨੂੰ ਹੀ ਵਾਪਸ ਡਿਊਟੀ ਉਤੇ ਗਿਆ ਸੀ।

ਪਿਤਾ ਸਕੂਲ ਬੱਸ ਉਤੇ ਡਰਾਈਵਰ

ਉਹ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦੇ ਪਿਤਾ ਸਕੂਲ ਬੱਸ ਦੇ ਡਰਾਈਵਰ ਹਨ ਅਤੇ ਮਾਂ ਘਰੇਲੂ ਔਰਤ ਹੈ। ਉਨ੍ਹਾਂ ਕੋਲ ਨਾ ਮਾਤਰ ਹੀ ਜ਼ਮੀਨ ਹੈ। ਉਹ ਦੇਸ਼ ਦੀ ਸੇਵਾ ਕਰਨ ਅਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੇ ਜਨੂੰਨ ਨਾਲ ਕਰੀਬ 6 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ।

Leave a Reply

Your email address will not be published. Required fields are marked *