ਹਰਿਆਣਾ ਵਿਚ ਪਾਣੀਪਤ ਦੇ ਮਹਾਰਾਣਾ ਪਿੰਡ ਨੇੜੇ ਸ਼ੁੱਕਰਵਾਰ ਦੀ ਸ਼ਾਮ ਨਹਿਰ ਵਿਚ ਰੁੜੇ ਨੌਜਵਾਨ ਦੀ ਦੇਹ ਸੋਨੀਪਤ ਦੇ ਪਿੰਡ ਬਡਵਾਸਨੀ ਨੇੜੇ ਨਹਿਰ ਵਿਚੋਂ ਮਿਲੀ ਹੈ। ਦੇਹ ਨੂੰ ਨਹਿਰ ਕਿਨਾਰੇ ਦੇਖ ਕੇ ਸਥਾਨਕ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲੀ ਤੋਂ ਬਾਅਦ ਪਾਣੀਪਤ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਵਲੋਂ ਦੇਹ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਦੇਹ ਨੂੰ ਪਾਣੀਪਤ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
CCTV ਕੈਮਰੇ ਲਗਾਉਣ ਦਾ ਕੰਮ ਕਰਦਾ ਸੀ ਅਜੀਤ
ਇਸ ਮਾਮਲੇ ਸਬੰਧੀ ਮਤਲੌਦਾ ਦੇ ਰਹਿਣ ਵਾਲੇ ਵਿਜੇ ਸਿੰਘ ਨੇ ਦੱਸਿਆ ਕਿ ਉਸ ਦਾ ਸਭ ਤੋਂ ਛੋਟਾ ਪੁੱਤਰ ਅਜੀਤ ਕੁਮਾਰ ਉਮਰ 29 ਸਾਲ ਰਿਲਾਇੰਸ ਕੰਪਨੀ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਕਰਦਾ ਸੀ। ਸ਼ੁੱਕਰਵਾਰ ਦੀ ਸ਼ਾਮ ਨੂੰ ਉਹ ਆਪਣੇ ਦੋਸਤ ਸੋਨੂੰ ਅਤੇ ਭਾਲਸੀ ਵਾਸੀ ਬਲਰਾਮ ਨਾਲ ਘਰ ਪਰਤ ਰਿਹਾ ਸੀ। ਜਦੋਂ ਉਹ ਪਿੰਡ ਮਹਾਰਾਣਾ ਪਹੁੰਚੇ ਤਾਂ ਗਰਮੀ ਜਿਆਦਾ ਹੋਣ ਦੇ ਕਾਰਨ ਉਸ ਨੇ ਦਿੱਲੀ ਪੈਰਲਲ ਨਹਿਰ ਦੇ ਕੰਢੇ ਬੈਠ ਕੇ ਨਹਿਰ ਵਿੱਚ ਪੈਰ ਧੋਣੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਨਹਿਰ ਵਿਚ ਰੁੜ੍ਹ ਗਿਆ। ਉਸ ਦੇ ਦੋਸਤ ਸੋਨੂੰ ਅਤੇ ਬਲਰਾਮ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਇਸ ਘਟਨਾ ਦੇ ਬਾਅਦ ਤੋਂ ਪਰਿਵਾਰਕ ਮੈਂਬਰਾਂ ਵੱਲੋਂ ਨਹਿਰ ਵਿਚ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਐਤਵਾਰ ਰਾਤ ਕਰੀਬ 11:30 ਵਜੇ ਪਿੰਡ ਬਡਵਾਸਨੀ ਨੇੜੇ ਕੁਝ ਲੋਕਾਂ ਨੇ ਦੇਹ ਨੂੰ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅਜੀਤ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਪੁੱਤਰ ਹਨ।