ਗੁਰਦਾਸਪੁਰ ਜਿਲ੍ਹੇ ਵਿਚ ਪੈਂਦੇ ਪਿੰਡ ਦੇ ਇਕ ਘਰ ਵਿਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਚੋਰਾਂ ਨੇ 60 ਸਾਲ ਉਮਰ ਦੀ ਬਜ਼ੁਰਗ ਮਾਤਾ ਦਾ ਕ-ਤ-ਲ ਕਰ ਦਿੱਤਾ। ਮਾਤਾ ਦੀ ਦੇਹ ਨੂੰ ਛੁਪਾਉਣ ਲਈ ਘਰ ਵਿਚ ਬਣੇ ਗਟਰ ਵਿਚ ਸੁੱਟ ਦਿੱਤਾ ਗਿਆ। ਇਸ ਬਾਰੇ ਜਦੋਂ ਆਸਪਾਸ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਗਟਰ ਦੇ ਵਿਚੋਂ ਬਾਹਰ ਕੱਢਿਆ ਗਿਆ।
ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਦੇ ਮੁਖੀ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ। ਇਹ ਮਾਮਲਾ ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਅੰਦਰ ਪੈਂਦੇ ਪਿੰਡ ਅਵਾਂਖਾ ਦਾ ਹੈ। ਮ੍ਰਿਤਕ ਮਾਤਾ ਦੀ ਪਹਿਚਾਣ ਕਮਲਾ ਦੇਵੀ ਪਤਨੀ ਸੇਵਾਮੁਕਤ ਸੂਬੇਦਾਰ ਕਰਨ ਸਿੰਘ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦਾ ਇੱਕ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਦੂਜਾ ਪੁੱਤਰ ਐਫ. ਸੀ. ਆਈ. ਚੰਡੀਗੜ੍ਹ ਵਿੱਚ ਇੰਸਪੈਕਟਰ ਹੈ। ਜਦੋਂ ਕਿ ਬੇਟੀ ਰੇਣੂ ਪਠਾਨਕੋਟ ਵਿਖੇ ਰਹਿੰਦੀ ਹੈ।
ਮ੍ਰਿਤਕ ਦੀ ਲੜਕੀ ਰੇਣੂ ਚੌਧਰੀ ਦੇ ਬਿਆਨਾਂ ਉਤੇ ਮਿਥੁਨ ਉਰਫ ਪ੍ਰੇਮ ਚੰਦ ਵਾਸੀ ਅਵਾਂਖਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਤਾ ਦੇ ਗੁਆਂਢ ਵਿੱਚ ਰਹਿਣ ਵਾਲੇ ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ ਕਮਲਾ ਦੇਵੀ ਦੇ ਘਰ ਦੇ ਬਾਹਰ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਦੇਖਿਆ। ਜਦੋਂ ਉਸ ਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਮੋਟਰਸਾਈਕਲ ਸਟਾਰਟ ਕਰਕੇ ਤੁਰੰਤ ਹੀ ਦੌੜ ਗਿਆ।
ਸ਼ੱ-ਕ ਪੈਣ ਉਤੇ ਉਹ ਕਮਲਾ ਦੇਵੀ ਦੇ ਘਰ ਪਹੁੰਚਿਆ ਤਾਂ ਇਕ ਕਮਰੇ ਵਿਚ ਬਲੱਡ ਦੇ ਛਿੱਟੇ ਪਏ ਸਨ ਅਤੇ ਨੇੜੇ ਹੀ ਲੋਹੇ ਦੀ ਰਾਡ ਪਈ ਸੀ ਪਰ ਕਮਲਾ ਦੇਵੀ ਦਾ ਪਤਾ ਨਹੀਂ ਲੱਗ ਰਿਹਾ ਸੀ। ਚਾਰੇ ਪਾਸੇ ਭਾਲ ਕਰਨ ਤੋਂ ਬਾਅਦ ਘਰ ਦੇ ਵਿਹੜੇ ਵਿਚ ਗਟਰ ਦਾ ਢੱਕਣ ਚੁੱਕ ਕੇ ਦੇਖਿਆ ਤਾਂ ਕਮਲਾ ਦੇਵੀ ਦੀ ਦੇਹ ਲਟਕ ਰਹੀ ਸੀ।