ਹਰਿਆਣਾ ਵਿਚ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਬਲਾਕ ਵਿੱਚ ਬੀਤੀ 17 ਮਈ ਦੀ ਸ਼ਾਮ ਨੂੰ ਪਿੰਡ ਮੌਜਗੜ੍ਹ ਨੇੜੇ ਭਾਖੜਾ ਨਹਿਰ ਦੇ ਕੰਢੇ ਮੋਟਰਸਾਈਕਲ ਉਤੇ ਮੋਬਾਈਲ ਰੱਖ ਕੇ ਲਾਪਤਾ ਹੋਏ ਅਧਿਆਪਕ ਦੀ ਦੇਹ ਪਿੰਡ ਲੱਖੂਆਣਾ ਦੇ ਨੇੜੇ ਭਾਖੜਾ ਨਹਿਰ ਵਿੱਚੋਂ ਸ਼ਨੀਵਾਰ ਨੂੰ ਬਰਾ-ਮਦ ਕਰ ਲਈ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਡੱਬਵਾਲੀ ਦੇ ਸਿਵਲ ਹਸਪਤਾਲ ਪਹੁੰਚਦੇ ਕਰਿਆ। ਜਿੱਥੇ ਦੇਹ ਦਾ ਪੋਸਟ ਮਾਰਟਮ ਕਰਵਾਇਆ ਗਿਆ। ਪੁਲਿਸ ਨੇ ਮ੍ਰਿਤਕ ਅਧਿਆਪਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਹਾਦਸੇ ਵਿਚ ਮੌ-ਤ ਹੋਣ ਦੀ ਕਾਰਵਾਈ ਕੀਤੀ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਪੈਰ ਤਿਲਕਣ ਕਾਰਨ ਨਹਿਰ ਵਿਚ ਡਿੱਗਿਆ ਅਧਿਆਪਕ
ਇਸ ਮਾਮਲੇ ਵਿਚ ਜਾਂਚ ਅਧਿਕਾਰੀ ਐਸ.ਆਈ. ਸੁਗਰੀਵ ਦੇ ਅਨੁਸਾਰ ਮ੍ਰਿਤਕ ਟੀਚਰ ਮਨੀਸ਼ ਕੁਮਾਰ ਦੇ ਪਿਤਾ ਗੁਰਜੰਟ ਸਿੰਘ ਵਾਸੀ ਮੌਜਗੜ੍ਹ ਦੇ ਬਿਆਨਾਂ ਦੇ ਆਧਾਰ ਉਤੇ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਜਾਂਚ ਅਧਿਕਾਰੀ ਅਨੁਸਾਰ ਗੁਰਜੰਟ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਲੜਕਾ ਮਨੀਸ਼ ਕੁਮਾਰ 17 ਮਈ ਨੂੰ ਘਰੋਂ ਸਤਿਸੰਗ ਵਿਚ ਗਿਆ ਸੀ। ਇਸ ਤੋਂ ਬਾਅਦ ਉਹ ਗਿੱਦੜਖੇੜਾ ਸਥਿਤ ਆਪਣੀ ਭੈਣ ਦੇ ਘਰ ਚਲਾ ਗਿਆ। ਇਸ ਤੋਂ ਬਾਅਦ ਉਹ ਪਿੰਡ ਮੌਜਗੜ੍ਹ ਸਥਿਤ ਆਪਣੇ ਖੇਤ ਵਿੱਚ ਚਲਾ ਗਿਆ। ਇਸ ਦੌਰਾਨ ਉਹ ਭਾਖੜਾ ਨਹਿਰ ਵਿੱਚ ਪਾਣੀ ਪੀਣ ਲਈ ਗਿਆ। ਜਿੱਥੇ ਉਹ ਤਿਲਕ ਕੇ ਨਹਿਰ ਵਿੱਚ ਡਿੱਗ ਪਿਆ।
ਜਾਂਚ ਅਧਿਕਾਰੀ ਅਨੁਸਾਰ ਗੁਰਜੰਟ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਇਤਫਾਕ ਮੌ-ਤ ਦੀ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਗੋਤਾਖੋਰਾਂ ਵੀ ਨਹੀਂ ਲੱਭ ਸਕੇ
ਇਸ ਮਾਮਲੇ ਦੇ ਜਾਂਚ ਅਫ਼ਸਰ ਸੁਗਰੀਵ ਅਨੁਸਾਰ ਪੁਲਿਸ ਨੂੰ ਜਿਵੇਂ ਹੀ ਨਹਿਰ ਕਿਨਾਰੇ ਤੋਂ ਅਧਿਆਪਕ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਵਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ। ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚੋਂ ਅਧਿਆਪਕ ਦੀ ਭਾਲ ਸ਼ੁਰੂ ਕੀਤੀ ਗਈ ਪਰ ਗੋਤਾਖੋਰਾਂ ਨੂੰ ਵੀ ਸਫਲਤਾ ਨਹੀਂ ਮਿਲੀ।
ਸ਼ਨੀਵਾਰ ਸਵੇਰੇ ਅਧਿਆਪਕ ਮਨੀਸ਼ ਕੁਮਾਰ ਦੀ ਦੇਹ ਭਾਖੜਾ ਨਹਿਰ ਦੇ ਮੌਜਗੜ੍ਹ ਹੈੱਡ ਤੋਂ ਕਾਫੀ ਅੱਗੇ ਪਿੰਡ ਲੱਖੂਆਣਾ ਨੇੜੇ ਭਾਖੜਾ ਨਹਿਰ ਵਿਚੋਂ ਮਿਲੀ। ਪੁਲਿਸ ਦੇ ਨਾਲ-ਨਾਲ ਮ੍ਰਿਤਕ ਅਧਿਆਪਕ ਦੇ ਪਰਿਵਾਰਕ ਮੈਂਬਰ ਵੀ ਮਨੀਸ਼ ਦੀ ਭਾਲ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਹੀ ਦੇਹ ਨੂੰ ਨਹਿਰ ਵਿਚ ਪਾਣੀ ਉਤੇ ਤੈਰਦਿਆਂ ਦੇਖਿਆ। ਜਿਸ ਤੋਂ ਬਾਅਦ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਮਨੀਸ਼ ਕੁਮਾਰ ਉਮਰ 30 ਸਾਲ ਪੰਜਾਬ ਦੇ ਪਿੰਡ ਗੁਰਥਲੀ ਵਿਖੇ ਜੇਬੀਟੀ ਅਧਿਆਪਕ ਵਜੋਂ ਕੰਮ ਕਰਦਾ ਸੀ। ਮ੍ਰਿਤਕ ਮਨੀਸ਼ ਦਾ ਪਿਤਾ ਪਿੰਡ ਮੌਜਗੜ੍ਹ ਵਿੱਚ ਚੌਕੀਦਾਰ ਹੈ।