ਜਿਲ੍ਹਾ ਸੰਗਰੂਰ (ਪੰਜਾਬ) ਦੇ ਪਿੰਡ ਫੱਗੂਵਾਲਾ, ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਸਮੇਂ ਦੋ ਲੜਕੇ ਡੁੱਬ ਗਏ। ਹਾਲਾਂਕਿ ਉਸ ਸਮੇਂ ਸਰੋਵਰ ਵਿੱਚ ਅੱਠ ਮੁੰਡੇ ਇਸਨਾਨ ਕਰ ਰਹੇ ਸਨ। ਇਨ੍ਹਾਂ ਵਿੱਚੋਂ ਦੋ ਲੜਕੇ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਦੋਵਾਂ ਦੀ ਡੁੱਬ ਜਾਣ ਕਰਕੇ ਮੌ-ਤ ਹੋ ਗਈ। ਸਾਰੇ ਲੜਕੇ ਇੱਕੋ ਸਕੂਲ ਦੇ ਵਿਦਿਆਰਥੀ ਹਨ। ਇਹ ਸਾਰੇ 10ਵੀਂ ਕਲਾਸ ਪਾਸ ਕਰਨ ਦੀ ਖੁਸ਼ੀ ਵਿਚ ਪਾਰਟੀ ਕਰਨ ਦਾ ਕਹਿ ਕੇ ਘਰੋਂ ਗਏ ਸਨ। ਸਰੋਵਰ ਵਿਚ ਡੁੱਬਣ ਦੀ ਘ-ਟ-ਨਾ CCTV ਵਿਚ ਕੈਦ ਹੋਈ ਹੈ।
ਰੌਲਾ ਸੁਣ ਕੇ ਆਏ ਲੋਕਾਂ ਨੇ ਕੱਢਿਆ ਬਾਹਰ
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਭਵਾਨੀਗੜ੍ਹ ਨੇੜਲੇ ਪਿੰਡ ਝਨੇੜੀ ਦੇ ਸੱਤਿਆ ਭਾਰਤੀ ਆਦਰਸ਼ ਸਕੂਲ ਦੇ ਅੱਠ ਵਿਦਿਆਰਥੀ 10ਵੀਂ ਜਮਾਤ ਪਾਸ ਕਰਨ ਦੀ ਖੁਸ਼ੀ ਵਿਚ ਐਤਵਾਰ ਨੂੰ ਘਰੋਂ ਪਾਰਟੀ ਲਈ ਗਏ ਸਨ। ਦੁਪਹਿਰ 1.30 ਵਜੇ ਦੇ ਕਰੀਬ ਸਾਰੇ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਸਥਿਤ ਸਰੋਵਰ ਵਿੱਚ ਇਸ਼ਨਾਨ ਕਰਨ ਲੱਗੇ। ਇਸ ਦੌਰਾਨ ਦੋ ਬੱਚੇ ਡੂੰਘੇ ਪਾਣੀ ਦੇ ਵਿੱਚ ਚਲੇ ਗਏ ਅਤੇ ਡੁੱਬ ਗਏ। ਜਦੋਂ ਉਨ੍ਹਾਂ ਦੇ ਸਾਥੀਆਂ ਨੇ ਰੌਲਾ ਪਾਇਆ ਤਾਂ ਮੌਕੇ ਉਤੇ ਪਹੁੰਚੇ ਲੋਕਾਂ ਨੇ ਦੋਵਾਂ ਨੂੰ ਸਰੋਵਰ ਵਿਚੋਂ ਬਾਹਰ ਕੱਢ ਕੇ ਭਵਾਨੀਗੜ੍ਹ ਦੇ ਹਸਪਤਾਲ ਪਹੁੰਚਦੇ ਕੀਤਾ।
ਦੋਵਾਂ ਦੀ ਉਮਰ 15 ਸਾਲ ਦੇ ਕਰੀਬ
ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਿੰਡ ਰੇਤਗੜ੍ਹ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਜਸਕਰਨ ਸਿੰਘ 10ਵੀਂ ਪਾਸ ਹੋਣ ਦੀ ਖੁਸ਼ੀ ਵਿੱਚ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਦੀ ਗੱਲ ਕਹਿ ਕੇ ਘਰੋਂ ਗਿਆ ਸੀ। ਉਸ ਨਾਲ ਸੱਤ ਹੋਰ ਲੜਕੇ ਸਨ। ਉਸ ਨੇ ਦੱਸਿਆ ਕਿ ਜਸਕਰਨ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਰੇਤਗੜ੍ਹ ਅਤੇ ਉਸ ਦੇ ਦੋਸਤ ਅਕਸ਼ੈ ਕੁਟਿਆਰ ਪੁੱਤਰ ਮੋਹਨ ਮੋਤੀਆਂ ਦੀ ਸਰੋਵਰ ਵਿੱਚ ਡੁੱਬਣ ਕਾਰਨ ਮੌ-ਤ ਹੋ ਗਈ। ਦੋਵਾਂ ਦੀ ਉਮਰ 15 ਸਾਲ ਦੇ ਕਰੀਬ ਸੀ।
ਸੋਮਵਾਰ ਨੂੰ ਹੋਵੇਗਾ ਪੋਸਟ ਮਾਰਟਮ
ਆਪਣੇ ਪੁੱਤਰਾਂ ਦੀ ਮੌ-ਤ ਦੀ ਖਬਰ ਮਿਲਦੇ ਹੀ ਦੋਵਾਂ ਵਿਦਿਆਰਥੀਆਂ ਦੇ ਘਰਾਂ ਵਿਚ ਸੋਗ ਦੀ ਲਹਿਰ ਛਾ ਗਈ। ਦੋਵਾਂ ਦੀਆਂ ਦੇਹਾ ਨੂੰ ਪੋਸਟ ਮਾਰਟਮ ਲਈ ਭਵਾਨੀਗੜ੍ਹ ਹਸਪਤਾਲ ਤੋਂ ਸੰਗਰੂਰ ਹਸਪਤਾਲ ਭੇਜ ਦਿੱਤਾ ਗਿਆ ਹੈ। ਸੋਮਵਾਰ ਨੂੰ ਪੋਸਟ ਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ।