ਰਾਜਸਥਾਨ ਵਿਚ ਸ੍ਰੀਨਗਰ, ਅਜਮੇਰ ਨੇੜੇ ਇੱਕ ਅਣਪਛਾਤੇ ਵਾਹਨ ਨੇ 11 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਤਿੰਨ ਲੋਕਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਅਤੇ ਅੱਠ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਜਵਾਹਰ ਲਾਲ ਨਹਿਰੂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਕਾਰ ਵਿਚ ਸਵਾਰ ਲੋਕ ਜੈਪੁਰ ਵਿੱਚ ਆਪਣੇ ਭਰਾ ਨੂੰ ਮਿਲ ਕੇ ਵਾਪਸ ਆ ਰਹੇ ਸਨ। ਮ੍ਰਿਤਕ ਅਤੇ ਜ਼ਖਮੀ ਪਿੰਡ ਟਾਟੋਟੀ ਦੇ ਰਹਿਣ ਵਾਲੇ ਹਨ।
ਮ੍ਰਿਤਕਾਂ ਵਿੱਚ ਕਾਰ ਡਰਾਈਵਰ ਭਾਗਚੰਦ ਅਤੇ ਨਾਨਾ ਗਿਆਨਚੰਦ ਉਮਰ 62 ਸਾਲ ਦੋਹਤੀ ਹਰਦਿਆ ਉਮਰ 6 ਸਾਲ ਸ਼ਾਮਲ ਹਨ। ਇਸ ਦੇ ਨਾਲ ਹੀ 6 ਸਾਲ ਉਮਰ ਦੀ ਆਰੋਹੀ ਜੇ. ਐਲ. ਐਨ. ਹਸਪਤਾਲ ਵਿੱਚ ਦਾਖ਼ਲ ਹੈ। ਉਸ ਦਾ ਹਾਲ ਗੰਭੀਰ ਹੈ।
ਕਾਰ ਸਵਾਰ ਲੜਕੀ ਨੇ ਦਿੱਤੀ ਇਹ ਜਾਣਕਾਰੀ
ਇਸ ਮਾਮਲੇ ਬਾਰੇ ਕਾਰ ਵਿੱਚ ਸਵਾਰ ਜ਼ਖਮੀ ਲੜਕੀ ਰਸਨਾ ਨੇ ਦੱਸਿਆ ਕਿ ਪੂਰਾ ਪਰਿਵਾਰ ਜੈਪੁਰ ਤੋਂ ਟਾਂਟੋਟੀ ਜਾ ਰਿਹਾ ਸੀ। ਸਾਰੇ ਜਣੇ ਸੁੱਤੇ ਪਏ ਸਨ। ਕਾਰ ਵਿੱਚ ਸਿਰਫ਼ ਇੱਕ ਵਿਅਕਤੀ ਜਾਗ ਰਿਹਾ ਸੀ। ਉਸ ਨੇ ਦੱਸਿਆ ਕਿ ਸਾਹਮਣੇ ਵਾਲਾ ਟਰੱਕ ਓਵਰ ਸਪੀਡ ਵਿਚ ਸੀ। ਅਚਾਨਕ ਉਸ ਨੇ ਬ੍ਰੇਕ ਲਗਾ ਦਿੱਤੀ। ਇਸ ਤੋਂ ਬਾਅਦ ਸਾਡੀ ਕਾਰ ਉਸ ਨਾਲ ਟਕਰਾ ਗਈ।
ਥਾਣਾ ਇੰਚਾਰਜ ਨੇ ਕਿਹਾ ਪੁਲਿਸ ਕਰ ਰਹੀ ਜਾਂਚ
ਸ੍ਰੀਨਗਰ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਬੜਾ ਬਾਵੜੀ ਨੇੜੇ ਈਕੋ ਕਾਰ ਦਾ ਹਾਦਸਾ ਹੋ ਗਿਆ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਘਟਨਾ ਦਾ ਜਾਇਜ਼ਾ ਲਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌ-ਤ ਹੋ ਗਈ ਹੈ। ਅੱਠ ਲੋਕਾਂ ਨੂੰ ਜੇ. ਐਲ. ਐਨ. ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਦੇਹਾਂ ਨੂੰ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।
ਪੂਰਾ ਪਰਿਵਾਰ ਗਿਆ ਸੀ ਭਰਾ ਨੂੰ ਮਿਲਣ ਵਾਪਸੀ ਵੇਲੇ ਹਾਦਸਾ
ਦਰਅਸਲ, ਤਿੰਨ ਭੈਣਾਂ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਛੁੱਟੀਆਂ ਦੌਰਾਨ ਛੋਟੇ ਭਰਾ ਇੰਜੀਨੀਅਰ ਅਵਿਨਾਸ਼ ਨੂੰ ਮਿਲਣ ਜੈਪੁਰ ਗਏ ਹੋਏ ਸਨ ਉਨ੍ਹਾਂ ਨਾਲ ਮਾਪੇ ਵੀ ਮੌਜੂਦ ਸਨ। ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰ ਗਿਆ। ਜ਼ਖਮੀ ਪਰਿਵਾਰ ਦੇ ਰਿਸ਼ਤੇਦਾਰ ਸੁਨੀਲ ਨੇ ਦੱਸਿਆ ਕਿ ਬੀਤੇ ਦਿਨ ਪੂਰਾ ਪਰਿਵਾਰ ਛੁੱਟੀ ਉਤੇ ਜੈਪੁਰ ਗਿਆ ਸੀ। ਖਾਟੂ ਸ਼ਿਆਮ ਜੀ ਦਰਸ਼ਨ ਕਰਨ ਤੋਂ ਬਾਅਦ, ਪਰਿਵਾਰ ਨੇ ਭਰਾ ਨੂੰ ਜੈਪੁਰ ਸਥਿਤ ਉਸ ਦੇ ਘਰ ਵਾਪਸ ਛੱਡ ਦਿੱਤਾ। ਇਸ ਤੋਂ ਬਾਅਦ ਸਾਰੇ ਅਜਮੇਰ ਲਈ ਰਵਾਨਾ ਹੋ ਗਏ।