ਇਕ ਪ੍ਰੇਮੀ ਜੋੜੇ ਨੇ ਵਿਦੇਸ਼ ਨਾ ਭੇਜਣ ਅਤੇ ਪੈਸੇ ਵਾਪਸ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜਿੰਦਗੀ ਨੂੰ ਸਮਾਪਤ ਕਰ ਲਿਆ ਹੈ। ਦੋਵਾਂ ਜਾਣਿਆ ਨੇ ਕੋਈ ਜ਼ਹਿਰੀ ਪਦਾਰਥ ਖਾ ਲਿਆ ਹੈ। ਦੋਵਾਂ ਜਾਣਿਆ ਦੀ ਮੌ-ਤ ਹੋ ਚੁੱਕੀ ਹੈ। ਇਸ ਮਾਮਲੇ ਸਬੰਧੀ ਥਾਣਾ ਧਾਰੀਵਾਲ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਉਤੇ ਚਾਰ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਧਾਰਾ 306 ਤਹਿਤ ਹੋਇਆ ਕੇਸ ਦਰਜ
ਇਸ ਮਾਮਲੇ ਬਾਰੇ ਥਾਣਾ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਰੋਹਿਤ ਵਾਸੀ ਸ਼ਹਿਜ਼ਾਦਾ ਨੰਗਲ ਥਾਣਾ ਸਿਟੀ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ਉੱਤੇ ਗੁਲਜ਼ਾਰ ਮਸੀਹ ਅਤੇ ਮਨਜ਼ੂਰ ਮਸੀਹ, ਸੋਨੀਆ ਮਸੀਹ ਵਾਸੀ ਸ਼ਿਕਾਰ ਮਾਛੀਆਂ ਥਾਣਾ ਕੋਟਲੀ ਸੂਰਤ ਮੱਲੀ ਬਟਾਲਾ ਅਤੇ ਨੁਮੀਨਾ ਖੋਖਰ ਵਾਸੀ ਕਰਤਾਰ ਨਗਰ ਥਾਣਾ ਛੇਹਰਟਾ ਦੇ ਖਿਲਾਫ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਮ੍ਰਿਤਕ ਨੇ ਫੇਸਬੁੱਕ ਤੇ ਪੋਸਟ ਪਾ ਕੇ ਦੱਸਿਆ ਦਰਦ
ਸ਼ਿਕਾਇਤ ਕਰਨ ਵਾਲੇ ਨੇ ਦੱਸਿਆ ਕਿ ਉਸ ਦੇ ਭਰਾ ਵਿਕਰਾਂਤ ਮਸੀਹ ਉਮਰ 35 ਸਾਲ ਦੇ ਨੇਹਾ ਉਮਰ 32 ਸਾਲ ਵਾਸੀ ਸ਼ਹਿਜ਼ਾਦਾ ਨੰਗਲ ਦੇ ਨਾਲ ਪ੍ਰੇਮ ਸਬੰਧ ਸਨ। ਉਹ 22 ਮਈ ਨੂੰ ਨਿੱਜੀ ਕੰਮ ਲਈ ਧਾਰੀਵਾਲ ਗਏ ਸਨ। ਦੁਪਹਿਰ 1:30 ਵਜੇ ਦੇ ਕਰੀਬ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੇ ਭਰਾ ਵਿਕਰਾਂਤ ਨੇ ਫੇਸਬੁੱਕ ਉਤੇ ਪੋਸਟ ਪਾਈ ਹੈ। ਇਸ ਪੋਸਟ ਵਿੱਚ ਉਸ ਨੇ ਦੱਸਿਆ ਕਿ ਉਸ ਵਲੋਂ ਉਕਤ ਦੋਸ਼ੀਆਂ ਨੂੰ ਜਰਮਨੀ ਜਾਣ ਦੇ ਲਈ 24 ਲੱਖ ਰੁਪਏ ਦਿੱਤੇ ਗਏ ਸਨ। ਪਰ ਦੋਸ਼ੀਆਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਨੂੰ ਪੈਸੇ ਵਾਪਸ ਕੀਤੇ। ਇਸ ਤੋਂ ਪ੍ਰੇਸ਼ਾਨ ਹੋ ਕੇ ਵਿਕਰਾਂਤ ਅਤੇ ਨੇਹਾ ਨੇ ਮਿਲ ਕੇ ਕਿਸੇ ਜ਼ਹਿਰੀ ਚੀਜ ਨੂੰ ਨਿਗਲ ਲਿਆ।
ਡਾਕਟਰਾਂ ਨੇ ਕੀਤੇ ਮ੍ਰਿਤਕ ਐਲਾਨ
ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋਵਾਂ ਦੀ ਮੌ-ਤ ਹੋਣ ਦੀ ਪੁਸ਼ਟੀ ਕਰ ਦਿੱਤੀ। ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਸੂਚਨਾ ਮਿਲੀ ਸੀ ਕਿ ਦੋਵਾਂ ਦੀ ਮੌ-ਤ ਹੋ ਗਈ ਹੈ। ਇਸ ਉਤੇ ਪੁਲਿਸ ਵਲੋਂ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਗਈ ਹੈ। ਪਰ ਖਬਰ ਲਿਖੇ ਜਾਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।