ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਇਕ ਬਹੁਤ ਹੀ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਭੱਟੀਵਾਲ ਖੁਰਦ ਵਿਖੇ ਆਪਣਾ ਨਵਾਂ ਮਕਾਨ ਬਣਾ ਰਹੇ ਦਲਿਤ ਭਾਈਚਾਰੇ ਦੇ 40 ਸਾਲ ਉਮਰ ਦੇ ਵਿਅਕਤੀ ਦੀ ਨਵੀਂ ਬਣ ਰਹੀ ਇਮਾਰਤ ਦੀ ਕੰਧ ਡਿੱਗਣ ਕਾਰਨ ਮੌ-ਤ ਹੋ ਗਈ ਹੈ।
ਭਾਰੀ ਝੱਖੜ ਅਤੇ ਬਰਸਾਤ ਦੌਰਾਨ ਡਿੱਗਿਆ ਘਰ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪਿੰਡ ਦੀ ਇਕਾਈ ਦੇ ਪ੍ਰਧਾਨ ਸੁਖਬੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਗੁਰਚੇਤ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਵਾਲ ਖੁਰਦ ਦੇ ਦਲਿਤ ਤੇ ਗਰੀਬ ਵਰਗ ਦੇ ਨੌਜਵਾਨ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵੱਲੋਂ ਪਿੰਡ ਤੋਂ ਨਰਾਇਣਗੜ੍ਹ ਨੂੰ ਜਾਂਦੀ ਸੜਕ ਉਤੇ ਆਪਣਾ ਨਵਾਂ ਮਕਾਨ ਬਣਾਇਆ ਜਾ ਰਿਹਾ ਸੀ, ਜਿੱਥੇ ਅਜੇ ਮਕਾਨ ਦੀ ਛੱਤ ਨਹੀਂ ਪਈ ਸੀ। ਸਿਰਫ਼ ਕੰਧਾਂ ਹੀ ਬਣਾਈਆਂ ਗਈਆਂ ਸਨ।
ਰਾਖੀ ਲਈ ਅੰਦਰ ਸੌਂ ਰਿਹਾ ਸੀ ਕੁਲਦੀਪ ਸਿੰਘ
ਕੁਲਦੀਪ ਸਿੰਘ ਰਾਤ ਸਮੇਂ ਰਾਖੀ ਕਰਨ ਲਈ ਆਪਣੇ ਨਵੇਂ ਬਣ ਰਹੇ ਮਕਾਨ ਦੇ ਅੰਦਰ ਸੌਂ ਰਿਹਾ ਸੀ ਅਤੇ ਦੇਰ ਰਾਤ ਨੂੰ ਆਈ ਤੇਜ਼ ਹਨੇਰੀ ਕਾਰਨ ਉਸ ਦਾ ਘਰ ਪੂਰੀ ਤਰ੍ਹਾਂ ਨਾਲ ਢਹਿ ਗਿਆ ਅਤੇ ਘਰ ਦੀਆਂ ਕੰਧਾਂ ਉਤੇ ਡਿੱਗਣ ਨਾਲ ਸੁੱਤੇ ਪਏ ਕੁਲਦੀਪ ਸਿੰਘ ਦੀ ਮੌ-ਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਜੋ ਕਿ ਕੁਲਦੀਪ ਸਿੰਘ ਦੇ ਕੋਲ ਮਕਾਨ ਬਣਾ ਰਿਹਾ ਸੀ, ਅੱਜ ਸਵੇਰੇ ਇੱਥੋਂ ਲੰਘਿਆ ਅਤੇ ਉਸ ਨੇ ਕੁਲਦੀਪ ਸਿੰਘ ਦਾ ਢਹਿ ਢੇਰੀ ਹੋਇਆ ਮਕਾਨ ਦੇਖਿਆ।
ਕੋਲੋਂ ਲੰਘ ਰਹੇ ਵਿਅਕਤੀ ਨੇ ਦਿੱਤੀ ਪਿੰਡ ਵਾਸੀਆਂ ਨੂੰ ਜਾਣਕਾਰੀ
ਜਦੋਂ ਉਹ ਨੇੜੇ ਗਿਆ ਉਸ ਨੇ ਕੁਲਦੀਪ ਸਿੰਘ ਨੂੰ ਮ੍ਰਿਤਕ ਪਾਇਆ। ਜਿਸ ਦੀ ਸੂਚਨਾ ਉਸ ਵਲੋਂ ਪਿੰਡ ਵਾਸੀਆਂ ਨੂੰ ਦਿੱਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਤਿੰਨ ਲੜਕੇ ਛੱਡ ਗਿਆ ਹੈ। ਕਿਸਾਨ ਆਗੂਆਂ ਅਤੇ ਪਿੰਡ ਵਾਸੀਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰ ਵਲੋਂ ਵੱਧ ਤੋਂ ਵੱਧ ਆਰਥਿਕ ਮਦਦ ਦਿੱਤੀ ਜਾਵੇ।