ਕੈਨੇਡਾ ਤੋਂ ਇਕ ਹੋਰ ਦੁਖਦ ਸਮਾਚਾਰ ਸਾਹਮਣੇ ਆਇਆ ਹੈ। ਕਰੀਬ ਦੋ ਮਹੀਨੇ ਪਹਿਲਾਂ ਕੈਨੇਡਾ ਗਈ ਬਨੂੜ ਦੀ ਲੜਕੀ ਦੀ ਇਕ ਸੜਕ ਹਾਦਸੇ ਵਿੱਚ ਮੌ-ਤ ਹੋ ਗਈ ਹੈ। ਬਨੂੜ ਦੇ ਵਾਰਡ ਨੰਬਰ 8 ਦੀ ਵਸਨੀਕ ਕੋਮਲਪ੍ਰੀਤ ਕੌਰ ਉੱਚ ਸਿੱਖਿਆ ਹਾਸਲ ਕਰਨ ਦੇ ਲਈ ਕੈਨੇਡਾ ਗਈ ਹੋਈ ਸੀ। ਕੋਮਲਪ੍ਰੀਤ ਕੌਰ ਭਾਰਤੀ ਸਮੇਂ ਦੇ ਅਨੁਸਾਰ ਸਵੇਰੇ 6.46 ਵਜੇ ਕੈਨੇਡਾ ਦੇ ਬਰੈਂਪਟਨ ਵਿਚ ਆਪਣੇ ਦੋਸਤਾਂ ਦੇ ਨਾਲ ਕੰਮ ਉਤੇ ਜਾ ਰਹੀ ਸੀ ਕਿ ਉਦੋਂ ਰਸਤੇ ਵਿਚ ਚਾਰ ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ।
ਇਹ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਚਾਰੇ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਇਸ ਟੱਕਰ ਨਾਲ ਕੋਮਲਪ੍ਰੀਤ ਕੌਰ ਦੀ ਕਾਰ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਉਹ ਸੜਕ ਉਤੇ ਜਾ ਡਿੱਗੀ। ਉਸ ਦੀ ਘਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਬਰੈਂਪਟਨ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਦੋ ਮਹੀਨੇ ਪਹਿਲਾਂ ਹੋਈ ਸੀ ਪਿਤਾ ਦੀ ਮੌਤ
ਕੋਮਲਪ੍ਰੀਤ ਕੌਰ ਦੀ ਮੌ-ਤ ਦੀ ਖ਼ਬਰ ਸੁਣਦਿਆਂ ਹੀ ਉਸ ਦੇ ਘਰ ਪਰਿਵਾਰ ਵਿੱਚ ਸੋਗ ਛਾ ਗਿਆ। ਮ੍ਰਿਤਕ ਲੜਕੀ ਕੋਮਲਪ੍ਰੀਤ ਕੌਰ ਦੇ ਪਿਤਾ ਜੋਧਾ ਸਿੰਘ ਦੀ ਵੀ ਦੋ ਮਹੀਨੇ ਪਹਿਲਾਂ ਕੈਂਸਰ ਨਾਲ ਮੌ-ਤ ਹੋ ਗਈ ਸੀ। ਉਸ ਤੋਂ ਬਾਅਦ ਕੋਮਲਪ੍ਰੀਤ ਕੌਰ ਅਤੇ ਉਸ ਦੇ ਭਰਾ ਦੀਦਾਰ ਸਿੰਘ ਨੂੰ ਉਨ੍ਹਾਂ ਦੀ ਮਾਂ ਨੇ ਚੰਗੇ ਭਵਿੱਖ ਲਈ ਕੈਨੇਡਾ ਭੇਜ ਦਿੱਤਾ। ਪਤੀ ਦੀ ਮੌ-ਤ ਕਾਰਨ ਸੋਗ ਵਿਚ ਡੁੱਬੀ ਮਾਂ ਨੂੰ ਧੀ ਦੀ ਮੌ-ਤ ਨੇ ਹੋਰ ਕਹਿਰ ਦੇ ਦੁਖ ਵਿਚ ਡੋਬ ਦਿੱਤਾ।
ਆਪਣੀ ਮ੍ਰਿਤਕ ਧੀ ਦੀ ਦੇਹ ਭਾਰਤ ਲਿਆਉਣ ਲਈ ਕੀਤੀ ਅਪੀਲ
ਕੋਮਲਪ੍ਰੀਤ ਦੀ ਮਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੀ ਧੀ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣ ਲਈ ਪ੍ਰਬੰਧ ਕਰਨ, ਤਾਂ ਜੋ ਉਹ ਆਪਣੀ ਧੀ ਨੂੰ ਅੰਤਿਮ ਵਿਦਾਈ ਦੇ ਸਕੇ।