ਪੰਜਾਬ ਸੂਬੇ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਵਿਚ ਦੇਰ ਸ਼ਾਮ ਨੂੰ ਕੰਢੀ ਕੈਨਾਲ ਨਹਿਰ ਵਾਚ ਡੁੱਬ ਜਾਣ ਦੇ ਕਾਰਨ 17 ਸਾਲਾ ਨੌਜਵਾਨ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮੋਹਿਤ ਸਿੰਘ ਭਾਟੀਆ ਪੁੱਤਰ ਅਮਰੀਕ ਸਿੰਘ ਵਾਸੀ ਰਾਜਾ ਕਲਾਂ ਗੜ੍ਹਦੀਵਾਲ ਦੇ ਰੂਪ ਵਜੋਂ ਹੋਈ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵਾਪਸ ਆਉਂਣ ਸਮੇਂ ਲੱਗੇ ਨਹਾਉਣ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐਸ. ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਮੋਹਿਤ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਲਕੀਤ ਸਿੰਘ, ਵਿਪਨ ਪ੍ਰੀਤ, ਗੁਰਦੀਪ ਸਿੰਘ ਇਹ ਸਾਰੇ 12ਵੀਂ ਜਮਾਤ ਦੇ ਵਿਦਿਆਰਥੀ ਹਨ। ਸਕੂਲ ਤੋਂ ਜਲਦੀ ਛੁੱਟੀ ਹੋਣ ਦੇ ਕਾਰਨ ਇਹ ਸਾਰੇ ਆਪਣੇ ਮੋਟਰਸਾਈਕਲਾਂ ਉਤੇ ਸਵਾਰ ਹੋਕੇ ਪਿੰਡ ਸਹੋਡਾ ਕੰਢੀ ਵਿਚ ਸਥਿਤ ਗਗਨ ਜੀ ਕਾ ਟਿੱਲਾ ਵਿਖੇ ਮੱਥਾ ਟੇਕਣ ਦੇ ਲਈ ਗਏ ਹੋਏ ਸਨ। ਮੱਥਾ ਟੇਕ ਕੇ ਵਾਪਸ ਆਉਂਦੇ ਸਮੇਂ ਦੇਰ ਸ਼ਾਮ ਸਾਰੇ ਪਿੰਡ ਵਡਲਾ ਨੇੜੇ ਕੰਢੀ ਕਨਾਲ ਨਹਿਰ ਵਿੱਚ ਨਹਾਉਣ ਲੱਗ ਗਏ।
ਰਾਹਗੀਰਾਂ ਨੇ ਬਚਾਉਣ ਦੀ ਕੀਤੀ ਕੋਸ਼ਿਸ਼
ਦੱਸਿਆ ਜਾ ਰਿਹਾ ਹੈ ਕਿ ਮੋਹਿਤ ਭਾਟੀਆ ਦਾ ਨਹਾਉਂਦੇ ਸਮੇਂ ਪੈਰ ਫਿਸਲਣ ਦੇ ਕਾਰਨ ਉਹ ਡੂੰਘੇ ਪਾਣੀ ਵਿਚ ਡੁੱਬ ਗਿਆ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਰੌਲਾ ਪੈਣ ਤੇ ਰਾਹਗੀਰਾਂ ਦੀ ਮਦਦ ਨਾਲ ਮੋਹਿਤ ਭਾਟੀਆ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਜਿਸ ਤੋਂ ਬਾਅਦ ਸਾਰੇ ਦੋਸਤ ਮੋਹਿਤ ਨੂੰ ਨਜ਼ਦੀਕੀ ਪ੍ਰਾਇਮਰੀ ਹੈਲਥ ਸੈਂਟਰ ਮੰਡ ਭੰਡੇਰ ਲੈ ਗਏ।
ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਮੁਖੀ ਬਲਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਏ. ਐਸ. ਆਈ. ਬਲਵੰਤ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ ਵਿਚ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।