ਪੰਜਾਬ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਹਲੇੜ ਵਿੱਚ ਦੇਰ ਸ਼ਾਮ ਨੂੰ ਇੱਕ ਤੇਜ਼ ਸਪੀਡ ਕਾਰ ਦੀ ਲਪੇਟ ਵਿੱਚ ਆਉਣ ਦੇ ਨਾਲ ਇੱਕ ਬਜ਼ੁਰਗ ਮਾਤਾ ਦੀ ਮੌ-ਤ ਹੋ ਗਈ। ਜਦੋਂ ਕਿ ਇਕ ਬਾਈਕ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਬਜੁਰਗ ਮਾਤਾ ਸੜਕ ਉਤੇ ਪੈਦਲ ਤੁਰੀ ਜਾ ਰਹੀ ਸੀ ਕਿ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਪਹਿਲਾਂ ਮਾਤਾ ਨੂੰ ਦਰੜ ਦਿੱਤਾ ਅਤੇ ਫਿਰ ਇਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ।
ਸਥਾਨਕ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਜ਼ਖ਼ਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਪਹੁੰਚਦੇ ਕੀਤਾ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਬਜੁਰਗ ਮਾਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਬਾਇਕ ਸਵਾਰ ਨੌਜਵਾਨ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਬਜੁਰਗ ਮਾਤਾ ਦੀ ਪਹਿਚਾਣ ਕਰਤਾਰ ਕੌਰ ਉਮਰ 90 ਸਾਲ, ਵਾਸੀ ਪਿੰਡ ਹਲੇੜ ਅਤੇ ਜ਼ਖਮੀ ਰਾਜੀਵ ਕੁਮਾਰ ਪੁੱਤਰ ਹਰਬੰਸ ਦੇ ਰੂਪ ਵਜੋਂ ਹੋਈ ਹੈ।
ਬਜ਼ੁਰਗ ਮਾਤਾ ਗਈ ਸੀ ਸੈਰ ਕਰਨ
ਬਜੁਰਗ ਮਾਤਾ ਦੇ ਪੁੱਤਰ ਮਦਨ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਘਰ ਤੋਂ ਰੋਜਾਨਾ ਦੀ ਤਰ੍ਹਾਂ ਸੈਰ ਕਰਨ ਲਈ ਗਈ ਸੀ। ਘਰ ਤੋਂ ਥੋੜ੍ਹੀ ਦੂਰੀ ਤੇ ਹੀ ਉਸ ਦੀ ਮਾਤਾ ਆਪਣੀ ਸਾਇਡ ਉਤੇ ਹੀ ਜਾ ਰਹੀ ਸੀ। ਉਦੋਂ ਹੀ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਮਾਤਾ ਨੂੰ ਟੱਕਰ ਮਾਰ ਦਿੱਤੀ ਅਤੇ ਘਬਰਾ ਕੇ ਉਸ ਨੇ ਕਾਰ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਅਤੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਉਹ ਉਥੋਂ ਭੱਜ ਗਿਆ।
ਦੁਕਾਨ ਤੋਂ ਪਰਤ ਰਿਹਾ ਸੀ ਮੋਟਰਸਾਈਕਲ ਸਵਾਰ
ਜਦੋਂਕਿ ਮੋਟਰਸਾਈਕਲ ਸਵਾਰ ਰਾਜੀਵ ਕੁਮਾਰ ਦੇ ਪਿਤਾ ਹਰਬੰਸ ਨੇ ਦੱਸਿਆ ਕਿ ਉਸ ਦਾ ਬੇਟਾ ਅੱਡਾ ਘੋਗਰਾ ਵਿੱਚ ਇੱਕ ਦੁਕਾਨ ਉਤੇ ਕੰਮ ਕਰਦਾ ਹੈ। ਉਹ ਕੰਮ ਤੋਂ ਵਾਪਸ ਆ ਰਿਹਾ ਸੀ। ਪਿੰਡ ਦੇ ਲੋਕਾਂ ਨੇ ਉਸ ਨੂੰ ਉਸ ਦੇ ਪੁੱਤਰ ਨਾਲ ਵਾਪਰੀ ਇਸ ਘਟਨਾ ਬਾਰੇ ਦੱਸਿਆ।