ਪੰਜਾਬ ਵਿਚ ਸੁਨਾਮ ਤੋਂ ਪਟਿਆਲਾ ਰੋਡ ਉਤੇ ਪਿੰਡ ਝਨੇੜੀ ਦੇ ਬੱਸ ਸਟੈਂਡ ਨੇੜੇ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌ-ਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਟਿੱਪਰ ਡਰਾਈਵਰ ਮੋਟਰਸਾਈਕਲ ਨੂੰ ਪਿੱਛੇ ਤੋਂ ਸਾਇਡ ਮਾਰਨ ਤੋਂ ਬਾਅਦ ਭਜਾ ਕੇ 100 ਫੁੱਟ ਤੱਕ ਘਸੀਟ ਕੇ ਲੈ ਗਿਆ। ਜਿਸ ਕਾਰਨ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੋਸ਼ੀ ਟਿੱਪਰ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ, ਜਿਸ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਦੇਹ ਨੂੰ ਸੜਕ ਉਤੇ ਰੱਖ ਕੇ ਸੁਨਾਮ ਤੋਂ ਪਟਿਆਲਾ ਰੋਡ ਤੇ ਧਰਨਾ ਦੇਣਾ ਆਰੰਭ ਦਿੱਤਾ। ਅਖ਼ੀਰ ਟਿੱਪਰ ਡਰਾਈਵਰ ਦੀ ਗ੍ਰਿਫ਼ਤਾਰੀ ਦੇ ਮਗਰੋਂ ਧਰਨੇ ਨੂੰ ਖ਼ਤਮ ਕਰ ਦਿੱਤਾ ਗਿਆ। ਦੇਰ ਤੱਕ ਆਵਾਜਾਈ ਠੱਪ ਰਹਿਣ ਕਾਰਨ ਵਾਹਨ ਡਰਾਈਵਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਇਸ ਹਾਦਸੇ ਦਾ ਪਤਾ ਲੱਗਦੇ ਸਾਰ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮ੍ਰਿਤਕ ਦੇਹ ਨੂੰ ਸੁਨਾਮ ਪਟਿਆਲਾ ਰੋਡ ਉਤੇ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ। ਸਾਰੀ ਰਾਤ ਆਵਾਜਾਈ ਠੱਪ ਰਹੀ ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਪਿੰਡਾਂ ਵਿੱਚੋਂ ਲੰਘਣ ਵਾਲੇ ਬਦਲਵੇਂ ਹੋਰ ਰਸਤਿਆਂ ਦਾ ਸਹਾਰਾ ਲੈਣਾ ਪਿਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਗੁਰਚਰਨ ਸਿੰਘ ਘਰਾਚੋਂ ਅਤੇ ਰਾਮ ਚੰਦ ਨੇ ਦੱਸਿਆ ਕਿ ਪਿੰਡ ਝਨੇੜੀ ਦਾ ਨੌਜਵਾਨ ਅੰਮ੍ਰਿਤਪਾਲ ਸਿੰਘ ਉਰਫ ਕਾਲਾ ਉਮਰ 24 ਸਾਲ ਮਜ਼ਦੂਰੀ ਦਾ ਕੰਮ ਕਰਦਾ ਸੀ।
ਉਹ ਆਪਣੇ ਘਰ ਲਈ ਰਾਸ਼ਨ ਲੈਣ ਲਈ ਪਿੰਡ ਝਨੇੜੀ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਭਵਾਨੀਗੜ੍ਹ ਜਾ ਰਿਹਾ ਸੀ। ਜਿਸ ਦੌਰਾਨ ਜਦੋਂ ਉਹ ਸੁਨਾਮ ਤੋਂ ਪਟਿਆਲਾ ਰੋਡ ਉਤੇ ਪੈਂਦੇ ਪਿੰਡ ਝਨੇੜੀ ਦੇ ਬੱਸ ਸਟੈਂਡ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਉਸ ਨੂੰ ਪਿੱਛੇ ਤੋਂ ਇਕ ਮਿੱਟੀ ਨਾਲ ਭਰੇ ਟਿੱਪਰ ਨੇ ਸਾਇਡ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਮੋਟਰਸਾਈਕਲ ਸਮੇਤ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ
ਅੰਮ੍ਰਿਤਪਾਲ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਟਿੱਪਰ ਡਰਾਈਵਰ ਟਿੱਪਰ ਨੂੰ ਸੜਕ ਉਤੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਸਾਲ ਦਾ ਲੜਕਾ ਛੱਡ ਗਿਆ ਹੈ। ਇਸ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪਰ ਪੁਲਿਸ ਦੇਰੀ ਨਾਲ ਪਹੁੰਚੀ, ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।
ਦੋਸ਼ੀ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਧਰਨਾ ਸਮਾਪਤ
ਇਸ ਮਾਮਲੇ ਸਬੰਧੀ ਡੀ. ਐਸ. ਪੀ. ਮੋਹਿਤ ਅਗਰਵਾਲ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਟਿੱਪਰ ਦੇ ਡਰਾਈਵਰ ਸੁਖਦੇਵ ਸਿੰਘ ਗੋਗੀ ਵਾਸੀ ਵਜੀਦਪੁਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ।