ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਖੰਨਾ ਵਿਚ ਰਹਿਣ ਵਾਲੀ ਇਕ ਡਾਂਸਰ ਨੇ ਆਪਣੇ ਭਰਾ ਅਤੇ ਦੋ ਦੋਸਤਾਂ ਨਾਲ ਮਿਲ ਕੇ ਇਕ ਦੁਖਦ ਘਟਨਾ ਨੂੰ ਅੰਜਾਮ ਦਿੱਤਾ ਹੈ। ਜਦੋਂ ਡਾਂਸਰ ਦੇ ਵਿਆਹੁਤਾ ਪ੍ਰੇਮੀ ਨੇ ਉਸ ਦੇ ਘਰ ਫਾਹਾ ਲਾ ਲਿਆ ਤਾਂ ਡਾਂਸਰ ਨੇ ਆਪਣੇ ਭਰਾ ਅਤੇ ਦੋ ਦੋਸਤਾਂ ਨਾਲ ਮਿਲ ਕੇ ਸਬੂਤ ਮਿਟਾਉਣ ਦੇ ਮਕਸਦ ਨਾਲ ਉਸ ਦੀ ਦੇਹ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ। ਇਹ ਮਾਮਲਾ 25 ਮਈ ਦਾ ਹੈ ਅਤੇ ਇਸ ਦੀ ਸੱਚਾਈ 12 ਦਿਨ ਬਾਅਦ ਬੁੱਧਵਾਰ ਨੂੰ ਪੁਲਿਸ ਦੇ ਸਾਹਮਣੇ ਆਈ ਹੈ।
ਮ੍ਰਿਤਕ ਬਲਜਿੰਦਰ ਸਿੰਘ ਦੀ ਪਤਨੀ ਦੀ ਸ਼ਿਕਾਇਤ ਉਤੇ ਪੁਲਿਸ ਨੇ ਡਾਂਸਰ ਸਮੇਤ 4 ਲੋਕਾਂ ਖਿਲਾਫ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਅਤੇ ਸਬੂਤ ਮਿਟਾਉਣ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਬਾਕੀ 3 ਫਰਾਰ ਹਨ।
ਦੋਸ਼ੀ ਡਾਂਸਰ ਦਾ ਨਾਮ ਰਮਨਦੀਪ ਕੌਰ ਰਮਨੇ ਹੈ। ਉਹ ਖੰਨਾ ਦੇ ਹੀ ਰਤਨਹੇੜੀ ਦੀ ਜੋਗੀ ਪੀਰ ਕਲੋਨੀ ਦੀ ਰਹਿਣ ਵਾਲੀ ਹੈ। ਬਾਕੀ 3 ਦੋਸ਼ੀਆਂ ਵਿੱਚ ਉਸ ਦਾ ਭਰਾ ਪਵਨਦੀਪ ਸਿੰਘ ਪਵਨ, ਰਵੀ ਅਤੇ ਕਾਲਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਾਲਾ ਰਤਨਹੇੜੀ ਦਾ ਰਹਿਣ ਵਾਲਾ ਹੈ ਜਦੋਂ ਕਿ ਰਵੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਖਮਾਣੋਂ ਥਾਣੇ ਅਧੀਨ ਪੈਂਦੇ ਪਿੰਡ ਮੰਡੇਰਾ ਦਾ ਰਹਿਣ ਵਾਲਾ ਹੈ। ਰਵੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।
ਪ੍ਰੇਮਿਕਾ ਨੂੰ ਕੰਮ ਕਰਨ ਤੋਂ ਰੋਕਦਾ ਸੀ ਬਲਜਿੰਦਰ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਟਿਆਲਾ ਜ਼ਿਲ੍ਹੇ ਦੇ ਰਾਏਪੁਰ ਮੰਡਲਾ ਦੀ ਰਹਿਣ ਵਾਲੀ ਕਾਜਲ ਨੇ ਦੱਸਿਆ ਕਿ ਉਸ ਦਾ ਵਿਆਹ ਬਲਜਿੰਦਰ ਸਿੰਘ ਨਾਲ ਸਾਲ 2017 ਵਿੱਚ ਹੋਇਆ ਸੀ। ਉਸ ਦੀ 4 ਸਾਲ ਦੀ ਬੇਟੀ ਅਤੇ 3 ਸਾਲ ਦਾ ਬੇਟਾ ਹੈ। ਉਸ ਦੇ ਪਤੀ ਬਲਜਿੰਦਰ ਸਿੰਘ ਦੇ ਡਾਂਸਰ ਰਮਨਦੀਪ ਕੌਰ ਨਾਲ ਪ੍ਰੇਮ ਸਬੰਧ ਸਨ। ਰਮਨਦੀਪ ਕੌਰ ਤਿੰਨ ਮਹੀਨਿਆਂ ਲਈ ਇਕ ਕੰਪਨੀ ਨਾਲ ਇਕਰਾਰ-ਨਾਮਾ ਕਰਕੇ ਲਖਨਊ ਅਤੇ ਗੋਆ ਜਾ ਕੇ ਕੰਮ ਕਰਨਾ ਚਾਹੁੰਦੀ ਸੀ। ਬਲਜਿੰਦਰ ਸਿੰਘ ਉਸ ਨੂੰ ਰੋਕਦਾ ਰਿਹਾ ਪਰ ਰਮਨਦੀਪ ਕੌਰ ਨਹੀਂ ਮੰਨੀ। ਇਸੇ ਕਾਰਨ 25 ਮਈ 2023 ਨੂੰ ਉਸ ਦੇ ਪਤੀ ਬਲਜਿੰਦਰ ਸਿੰਘ ਨੇ ਰਮਨਦੀਪ ਕੌਰ ਦੇ ਘਰ ਫਾਹਾ ਲਾ ਕੇ ਆਪਣਾ ਜੀਵਨ ਸਮਾਪਤ ਕਰ ਲਿਆ।
ਕਾਜਲ ਨੇ ਆਪਣੀ ਸ਼ਿਕਾਇਤ ਦੇ ਵਿਚ ਦੱਸਿਆ ਕਿ 25 ਮਈ ਤੋਂ ਬਾਅਦ ਅਚਾਨਕ ਉਸ ਦਾ ਪਤੀ ਗੁੰਮ ਹੋ ਗਿਆ ਅਤੇ ਉਸ ਦਾ ਮੋਬਾਈਲ ਨੰਬਰ ਵੀ ਬੰਦ ਆਉਣਾ ਲੱਗਿਆ। ਇਸ ਉਤੇ ਉਸ ਨੇ ਪਟਿਆਲਾ ਦੀ ਬਹਾਦਰਗੜ੍ਹ ਚੌਕੀ ਵਿੱਚ ਆਪਣੇ ਪਤੀ ਦੇ ਲਾਪਤਾ ਹੋਣ ਸਬੰਧੀ ਮਾਮਲਾ ਦਰਜ ਕਰਵਾਇਆ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਰਮਨਦੀਪ ਕੌਰ ਦੇ ਘਰ ਫਾਹਾ ਲਾ ਲਿਆ ਹੈ।
ਟੈਕਸੀ ਚਲਾਉਂਦਾ ਸੀ, ਬਲਜਿੰਦਰ
ਆਪਣੀ ਸ਼ਿਕਾਇਤ ਵਿਚ ਕਾਜਲ ਨੇ ਦੱਸਿਆ ਕਿ ਜਦੋਂ ਉਸ ਨੇ ਰਮਨਦੀਪ ਕੌਰ ਤੋਂ ਬਲਜਿੰਦਰ ਬਾਰੇ ਪੁੱਛ ਗਿੱਛ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ 25 ਮਈ ਨੂੰ ਹੀ ਰਮਨਦੀਪ ਕੌਰ ਉਸ ਦੇ ਪਤੀ ਦੀ ਦੇਹ ਆਪਣੇ ਭਰਾ ਪਵਨਦੀਪ ਸਿੰਘ ਪਵਨ ਅਤੇ ਦੋ ਦੋਸਤਾਂ ਨਾਲ ਮਿਲ ਕੇ ਘਰ ਤੋਂ ਕਾਰ ਵਿਚ ਲੱਦ ਕੇ ਲੈ ਗਈ। ਰਮਨਦੀਪ ਕੌਰ, ਪਵਨਦੀਪ, ਰਵੀ ਅਤੇ ਕਾਲਾ ਨੇ ਉਸ ਦੇ ਪਤੀ ਦੀ ਦੇਹ ਨੂੰ ਖੰਟ ਮਾਨਪੁਰ ਪੁਲ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ।
ਕਾਜਲ ਅਨੁਸਾਰ ਉਸ ਦਾ ਪਤੀ ਬਲਜਿੰਦਰ ਸਿੰਘ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਬਲਜਿੰਦਰ ਸਿੰਘ ਦੀ ਰਮਨਦੀਪ ਕੌਰ ਨਾਲ ਪਿਛਲੇ ਸਾਲ ਹੀ ਮੁਲਾਕਾਤ ਹੋਈ ਸੀ। ਉਸ ਦਿਨ ਤੋਂ ਰਮਨਦੀਪ ਕੌਰ ਉਸ ਦੇ ਪਿੱਛੇ ਪੈ ਗਈ ਅਤੇ ਜ਼ਿਆਦਾਤਰ ਸਮਾਂ ਬਲਜਿੰਦਰ ਸਿੰਘ ਨੂੰ ਆਪਣੇ ਨਾਲ ਰੱਖਦੀ ਸੀ। ਬਲਜਿੰਦਰ ਸਿੰਘ ਜਦੋਂ ਵੀ ਰਮਨਦੀਪ ਕੌਰ ਨੂੰ ਘਰ ਜਾਣ ਲਈ ਕਹਿੰਦਾ ਸੀ ਤਾਂ ਬਲੈਕ-ਮੇਲ ਕਰਦੀ ਸੀ। 22 ਮਈ ਨੂੰ ਬਲਜਿੰਦਰ ਸਿੰਘ ਪੈਸੇ ਲੈਣ ਲਈ ਆਪਣੇ ਘਰ ਆਇਆ ਸੀ ਅਤੇ 23 ਮਈ ਨੂੰ ਵਾਪਸ ਰਮਨਦੀਪ ਕੋਲ ਚਲਾ ਗਿਆ। ਉਸ ਨੇ ਦੋ ਦਿਨ ਬਾਅਦ ਖੁ-ਦ-ਕੁ-ਸ਼ੀ ਕਰ ਲਈ।
ਰਮਨਦੀਪ ਕੌਰ ਨੇ ਗੱਲ ਛੁਪਾਈ
ਕਾਜਲ ਦੇ ਦੱਸਣ ਅਨੁਸਾਰ 25 ਮਈ ਤੋਂ ਜਦੋਂ ਬਲਜਿੰਦਰ ਦਾ ਮੋਬਾਈਲ ਨੰਬਰ ਸਵਿੱਚ ਆਫ ਆਉਣ ਲੱਗਾ ਤਾਂ ਉਸ ਨੇ ਰਮਨਦੀਪ ਕੌਰ ਨਾਲ ਗੱਲ ਕੀਤੀ ਪਰ ਉਸ ਨੂੰ ਕੁਝ ਨਹੀਂ ਦੱਸਿਆ ਗਿਆ। ਇਸ ਮਾਮਲੇ ਸਬੰਧੀ ਖੰਨਾ ਦੇ ਡੀ. ਐੱਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਚਾਰਾਂ ਵਿੱਚੋਂ ਦੋਸ਼ੀ ਪਵਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ।