ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਬਟਾਲਾ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੀ ਗੋ-ਲੀ ਨਾਲ ਹੱ-ਤਿ-ਆ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਭਜਨ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਹਰਭਜਨ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਚੋਣੇ ਰਾਤ ਸਮੇਂ ਆਪਣੇ ਘਰ ਦੇ ਵਰਾਂਡੇ ਵਿੱਚ ਸੁੱਤਾ ਪਿਆ ਸੀ, ਇਸ ਦੌਰਾਨ ਰਾਤ 12 ਵਜੇ ਦੇ ਕਰੀਬ 4 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਕੁਝ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਘਰ ਦੇ ਗੇਟ ਉਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ।
ਔਰਤ ਨੇ ਦੱਸਿਆ ਕਿ ਗੋ-ਲੀ ਦੀ ਆਵਾਜ਼ ਸੁਣ ਕੇ ਉਸ ਦਾ ਪਤੀ ਉੱਠ ਕੇ ਗੇਟ ਵੱਲ ਚਲਾ ਗਿਆ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਗੋ-ਲੀ-ਆਂ ਚਲਾ ਦਿੱਤੀਆਂ, ਜੋ ਗੇਟ ਤੋੜ ਕੇ ਹਰਭਜਨ ਸਿੰਘ ਦੀ ਛਾਤੀ ਤੇ ਜਾ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਸਾਰ ਹੀ ਥਾਣਾ ਘੁਮਾਣ ਦੀ ਪੁਲਿਸ ਘਟਨਾ ਵਾਲੀ ਥਾਂ ਮੌਕੇ ਉਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਹਰਭਜਨ ਸਿੰਘ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ ਸਬੰਧੀ ਜਦੋਂ ਮੀਡੀਆ ਵਲੋਂ ਐੱਸ. ਐੱਚ. ਓ. ਘੁਮਾਣ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸਪਾਸ ਤੋਂ ਪੁੱਛ ਗਿੱਛ ਵੀ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਦੇ ਵਿੱਚ ਹੋਣਗੇ।