ਜਿਲ੍ਹਾ ਲੁਧਿਆਣਾ (ਪੰਜਾਬ) ਵਿੱਚ ਤੇਜ਼ ਹਨੇਰੀ ਆਉਣ ਕਰਕੇ ਕੰਗਣਵਾਲ ਦੇ ਇਕ ਇਲਾਕੇ ਦੀ ਗਲੀ ਵਿੱਚ 25 ਫੁੱਟ ਉੱਚੀ ਕੰਧ ਡਿੱਗ ਪਈ। ਇਸ ਕੰਧ ਦੇ ਡਿੱਗਣ ਕਾਰਨ ਦੋ ਇਮਾਰਤਾਂ ਨੂੰ ਭਾਰਾ ਨੁਕਸਾਨ ਹੋਇਆ ਹੈ। ਤਿੰਨ ਮੰਜ਼ਿਲਾ ਮਕਾਨ ਦੇ ਬਨੇਰੇ ਟੁੱਟ ਗਏ। ਇੱਕ ਮਕਾਨ ਦਾ ਲੈਂਟਰ ਕੰਧ ਦੇ ਡਿੱਗਣ ਕਰਕੇ ਟੁੱਟ ਗਿਆ। ਇਸ ਹਾਦਸੇ ਵਿਚ ਕੰਧ ਦੇ ਥੱਲ੍ਹੇ ਆ ਜਾਣ ਕਾਰਨ 1 ਵਿਅਕਤੀ ਦੀ ਮੌ-ਤ ਹੋ ਗਈ ਹੈ ਅਤੇ ਗਲੀ ਦੇ ਵਿੱਚ ਖੜ੍ਹੇ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ।
ਇਸ ਹਾਦਸੇ ਵਿਚ ਮ੍ਰਿਤਕ ਦੀ ਪਹਿਚਾਣ ਸੰਤਲਾਲ ਦਾਸ ਵਾਸੀ ਆਰਾ, ਬਿਹਾਰ ਦੇ ਰੂਪ ਵਜੋਂ ਹੋਈ ਹੈ। ਜ਼ਖਮੀਆਂ ਦੀ ਪਹਿਚਾਣ ਮੁਹੰਮਦ ਅਬੂ ਸਹਿਮਾ ਅਤੇ ਕਾਸ਼ੀਰਾਮ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਵਿਜੇ ਸਿੰਘ ਕਾਲੋਨੀ, ਲੁਧਿਆਣਾ ਵਿੱਚ ਰਹਿੰਦਾ ਸੀ। ਸੰਤਲਾਲ ਮੂਲ ਰੂਪ ਤੋਂ ਬਿਹਾਰ ਦੇ ਆਰਾ ਦਾ ਰਹਿਣ ਵਾਲਾ ਹੈ। ਜੋ ਇਕ ਫੈਕਟਰੀ ਵਿੱਚ ਬਤੌਰ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ।
ਪਹਿਲਾਂ ਵੀ ਕਈ ਵਾਰ ਕੰਧ ਡਿੱਗਣ ਦਾ ਬਣਿਆ ਰਹਿੰਦਾ ਸੀ ਖ਼ਦਸ਼ਾ
ਇਸ ਇਲਾਕੇ ਦੇ ਵਸਨੀਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਇਸ ਕੰਧ ਦੇ ਡਿੱਗਣ ਦਾ ਡਰ ਬਣਿਆ ਰਹਿੰਦਾ ਸੀ। ਪਰ ਪਲਾਟ ਦੇ ਮਾਲਕ ਨੇ ਇਸ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਸੁਸ਼ੀਲ ਅਨੁਸਾਰ ਇਹ ਪਲਾਟ ਰਜਿੰਦਰਾ ਇਸਪਾਤ ਦਾ ਹੈ। ਇਮਾਰਤ ਅਸੁਰੱਖਿਅਤ ਹੋਣ ਕਾਰਨ ਅੱਜ ਇਹ ਹਾਦਸਾ ਵਾਪਰਿਆ ਹੈ।
ਕਿਸਮਤ ਦੀ ਗੱਲ ਇਹ ਰਹੀ ਕਿ ਅੱਜ ਐਤਵਾਰ ਦਾ ਦਿਨ ਨਹੀਂ ਹੈ। ਇਥੇ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਮਜ਼ਦੂਰ ਸੜਕ ਉਤੇ ਮੌਜੂਦ ਹੁੰਦੇ ਹਨ। ਜੇਕਰ ਇਹ ਹਾਦਸਾ ਐਤਵਾਰ ਨੂੰ ਦਿਨ ਵੇਲੇ ਵਾਪਰਦਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌ-ਤ ਹੋ ਸਕਦੀ ਸੀ।
ਦੇਹ ਨੂੰ JCB ਬੁਲਾ ਕੇ ਮਲਬਾ ਹਟਾ ਕੇ ਕੱਢਿਆ ਬਾਹਰ
ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀਆਂ ਆਵਾਜ਼ਾਂ ਸੁਣ ਕੇ ਨੇੜੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਵਲੋਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਲੋਕਾਂ ਨੇ ਤੁਰੰਤ ਇਸ ਸਬੰਧੀ ਪੁਲਿਸ ਨੂੰ ਵੀ ਸੂਚਨਾ ਦਿੱਤੀ। ਥਾਣਾ ਕੰਗਣਵਾਲ ਦੀ ਪੁਲੀਸ ਮੌਕੇ ਉਤੇ ਪਹੁੰਚ ਗਈ। ਇਸ ਘਟਨਾ ਵਾਲੀ ਥਾਂ ਤੋਂ ਮਲਬਾ ਹਟਾਉਣ ਲਈ ਜੇਸੀਬੀ ਬੁਲਾਈ ਗਈ। ਦੇਰ ਰਾਤ ਤੱਕ ਬਚਾਅ ਦਾ ਕੰਮ ਚੱਲਦਾ ਰਿਹਾ। ਮ੍ਰਿਤਕ ਸੰਤਲਾਲ ਦਾਸ ਦੀ ਦੇਹ ਮਲਬੇ ਹੇਠ ਦੱਬੀ ਹੋਈ ਸੀ। ਮਲਬੇ ਹੇਠ ਦੱਬਣ ਕਾਰਨ ਮ੍ਰਿਤਕ ਦੀ ਮੌ-ਤ ਹੋ ਗਈ। ਉਸ ਦੇ ਸਿਰ ਉਤੇ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ।
ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਮਾਮਲੇ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਰੀਬ 2 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਉਥੋਂ ਮਲਬੇ ਨੂੰ ਹਟਾਇਆ ਗਿਆ।