ਉੱਤਰ ਪ੍ਰਦੇਸ਼ (UP) ਦੇ ਝਾਂਸੀ ਦੇ ਪਿੰਡ ਬਰਲ ਦੇ ਨੇੜੇ ਇਕ ਕਾਰ ਅਤੇ ਸਕੂਟਰੀ ਦਾ ਹਾਦਸਾ ਹੋ ਗਿਆ, ਇਸ ਹਾਦਸੇ ਵਿਚ ਸਕੂਟਰੀ ਸਵਾਰ ਵਿਦਿਆਰਥਣ ਦੀ ਮੌ-ਤ ਹੋ ਗਈ। ਜਦੋਂ ਕਿ ਉਸ ਦਾ ਇੱਕ ਰਿਸ਼ਤੇਦਾਰ ਜ਼ਖ਼ਮੀ ਹੋ ਗਿਆ। ਉਹ ਕਾਲਜ ਦੀ ਫੀਸ ਜਮ੍ਹਾ ਕਰਵਾਉਣ ਜਾ ਰਹੇ ਸਨ। ਕਾਲਜ ਪਹੁੰਚਣ ਤੋਂ ਪਹਿਲਾਂ ਹੀ ਇਕ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੋਂਠ ਥਾਣਾ ਇਲਾਕੇ ਅਧੀਨ ਪੈਂਦੇ ਭੈਰੋ ਘਾਟ ਦੀ ਰਹਿਣ ਵਾਲੀ ਮੌਸਮ ਉਮਰ 20 ਸਾਲ ਪੁੱਤਰੀ ਰਾਮਹਜੂਰ ਬਰਲ, ਦੇ ਚੰਨਣ ਸਿੰਘ ਕਾਲਜ ਵਿੱਚ ਬੀਏ ਫਾਈਨਲ ਦੀ ਵਿਦਿਆਰਥਣ ਸੀ। ਇਸ ਮਾਮਲੇ ਸਬੰਧੀ ਪਰਿਵਾਰ ਨੇ ਦੱਸਿਆ ਕਿ ਮੌਸਮ ਨੇ ਨਵੇਂ ਸੈਸ਼ਨ ਦੀ ਫੀਸ ਜਮ੍ਹਾ ਕਰਵਾਉਣੀ ਸੀ। ਜਿਸ ਕਾਰਨ ਉਹ ਭੈਣ ਦੇ ਨੰਦੋਈ ਨਾਲ ਸਕੂਟਰੀ ਉਤੇ ਸਵਾਰ ਹੋ ਕੇ ਫੀਸ ਦੇਣ ਲਈ ਬਰਲ ਜਾ ਰਹੀ ਸੀ।
ਰਾਹਗੀਰਾਂ ਨੇ ਪਹੁੰਚਾਇਆ ਹਸਪਤਾਲ
ਇਸ ਦੌਰਾਨ ਬਰਲ ਨੇੜੇ ਤੇਜ਼ ਸਪੀਡ ਨਾਲ ਆ ਰਹੀ ਇਕ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਸਥਾਨਕ ਅਤੇ ਰਾਹਗੀਰ ਲੋਕ ਇਕੱਠੇ ਹੋ ਗਏ। ਇਸ ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਲੋਕਾਂ ਦੀ ਮਦਦ ਨਾਲ ਦੋਵਾਂ ਜ਼ਖਮੀਆਂ ਨੂੰ ਚਿਰਗਾਂਵ ਦੇ ਸਰਕਾਰੀ ਹਸਪਤਾਲ ਪਹੁੰਚਦੇ ਕੀਤਾ ਗਿਆ। ਜਿੱਥੋਂ ਉਨ੍ਹਾਂ ਨੂੰ ਝਾਂਸੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਮੌਸਮ ਦੀ ਮੌ-ਤ ਹੋ ਗਈ। ਜਦੋਂ ਕਿ ਨੰਦੋਈ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਮੌ-ਤ ਤੋਂ ਬਾਅਦ ਘਰ ਵਿਚ ਛਾਇਆ ਸੋਗ
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਡਰਾਈਵਰ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਵਿਦਿਆਰਥਣ ਦੀ ਮੌ-ਤ ਬਾਰੇ ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਘਰ ਵਿਚ ਮਾਤਮ ਛਾ ਗਿਆ। ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। 3 ਭੈਣਾਂ ਵਿਚੋਂ ਮੌਸਮ ਦੂਜੇ ਨੰਬਰ ਤੇ ਸੀ। ਉਸ ਦਾ ਇੱਕ ਛੋਟਾ ਭਰਾ ਹੈ। ਪਿਤਾ ਖੇਤੀਬਾੜੀ ਕਰਦੇ ਹਨ। ਮਾਂ ਸੁਨੀਤਾ ਆਪਣੀ ਬੇਟੀ ਦੀ ਦੇਹ ਦੇਖ ਕੇ ਬੇਹੋਸ਼ ਹੋ ਗਈ।