ਹਫਤੇ ਬਾਅਦ ਨੌਜਵਾਨ ਨੇ ਜਾਣਾ ਸੀ ਕੈਨੇਡਾ, ਪਰ ਕਰੰਟ ਲੱਗਣ ਕਾਰਨ ਛੱਡ ਗਿਆ ਦੁਨੀਆਂ, ਬੁਝ ਗਿਆ ਇਕ-ਲੌਤਾ ਚਿਰਾਗ

Punjab

ਪੰਜਾਬ ਵਿਚ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜੀ ਵਿੱਚ ਇੱਕ ਪਰਿਵਾਰ ਦੇ ਇਕ-ਲੌਤੇ ਪੁੱਤਰ ਦੀ ਬਿਜਲੀ ਦਾ ਕਰੰਟ ਲੱਗ ਜਾਣ ਨਾਲ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਇਕ ਹਫਤੇ ਬਾਅਦ ਕੈਨੇਡਾ ਜਾਣਾ ਸੀ। ਇਸ ਤੋਂ ਪਹਿਲਾਂ ਹੀ ਦੁਖਦ ਹਾਦਸੇ ਦਾ ਸ਼ਿਕਾਰ ਹੋ ਗਿਆ। ਪਲਾਂ ਵਿੱਚ ਕੈਨੇਡਾ ਜਾਣ ਦੀ ਖੁਸ਼ੀ ਸੋਗ ਵਿੱਚ ਬਦਲ ਗਈ। ਇਸ ਹਾਦਸੇ ਕਾਰਨ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਨੌਜਵਾਨ ਦੇ ਮਾਪੇ ਗਹਿਰੇ ਸਦਮੇ ਵਿੱਚ ਹਨ।

ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਦਾ ਭਤੀਜਾ ਸ਼ਾਹਬਾਜ਼ ਸਿੰਘ ਉਮਰ 18 ਸਾਲ ਇੱਕ ਹਫ਼ਤੇ ਬਾਅਦ ਕੈਨੇਡਾ ਲਈ ਰਵਾਨਾ ਹੋਣ ਵਾਲਾ ਸੀ। ਸਾਰਾ ਪਰਿਵਾਰ ਸ਼ਾਹਬਾਜ਼ ਨੂੰ ਏਅਰਪੋਰਟ ਤੇ ਛੱਡਣ ਜਾਣ ਦੀ ਤਿਆਰੀ ਕਰ ਰਿਹਾ ਸੀ, ਪਰ ਰੱਬ ਨੇ ਉਸ ਨਾਲ ਇਹ ਭਾਣਾ ਵਰਤਾ ਦਿੱਤਾ।

ਬੀਤੀ 8 ਜੂਨ ਨੂੰ ਸ਼ਾਹਬਾਜ਼ ਆਪਣੇ ਦੋਸਤ ਕਰਨ ਨਾਲ ਸਟਰੀਟ ਲਾਈਟਾਂ ਦੀ ਮੁਰੰਮਤ ਲਈ ਵਰਤੀ ਜਾਣ ਵਾਲੀ ਲੋਹੇ ਦੀ ਪੌੜੀ ਨੂੰ ਲੈ ਕੇ ਜਾ ਰਿਹਾ ਸੀ ਕਿ ਪਿੰਡ ਦੀ ਫਿਰਨੀ ਉਤੇ ਢਿੱਲੀਆਂ ਤਾਰਾਂ ਕਾਰਨ ਪੌੜੀ ਹਾਈ ਵੋਲਟੇਜ ਤਾਰਾਂ ਨੂੰ ਛੂਹ ਗਈ ਅਤੇ ਕਰੰਟ ਨਾਲ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਹਸਪਤਾਲ ਲਿਜਾਣ ਉਤੇ ਡਾਕਟਰਾਂ ਨੇ ਸ਼ਾਹਬਾਜ਼ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਕਰਨ ਦਾ ਇਲਾਜ ਚੱਲ ਰਿਹਾ ਹੈ।

ਨੌਜਵਾਨ ਦਾ ਪਿਤਾ ਡੂੰਘੇ ਸੋਗ ਵਿੱਚ ਹੈ ਅਤੇ ਦੁਖ ਵਿਚ ਮਾਂ ਵੀ ਹੋਸ਼ ਗਵਾਈ ਬੈਠੀ ਹੈ, ਇਕ-ਲੌਤਾ ਪੁੱਤਰ ਜਿਸ ਦੇ ਭਵਿੱਖ ਲਈ ਮਾਪਿਆਂ ਨੇ ਦਿਨ ਰਾਤ ਮਿਹਨਤ ਕੀਤੀ। ਉਸ ਦੇ ਸੁਪਨਿਆਂ ਨੂੰ ਪੂਰੇ ਕਰਨ ਦੀ ਹਰ ਕੋਸ਼ਿਸ਼ ਕੀਤੀ। ਜਦੋਂ ਹੁਣ ਪੁੱਤ ਦਾ ਵਿਦੇਸ਼ ਜਾਣ ਵਾਲਾ ਸੁਪਨਾ ਪੂਰਾ ਹੋਣਾ ਸੀ ਤਾਂ ਪ੍ਰਮਾਤਮਾ ਉਸ ਨੂੰ ਆਪਣੇ ਕੋਲ ਲੈ ਗਿਆ।

ਮ੍ਰਿਤਕ ਨੌਜਵਾਨ ਸ਼ਾਹਬਾਜ਼ ਦਾ ਸੁਪਨਾ ਵਿਦੇਸ਼ ਵਿੱਚ ਪੜ੍ਹ ਕੇ ਆਟੋ ਮੋਬਾਈਲ ਇੰਜੀਨੀਅਰ ਬਣਨ ਦਾ ਸੀ। ਉਸ ਨੇ ਹਾਲ ਹੀ ਵਿੱਚ ਨਾਨ ਮੈਡੀਕਲ ਵਿੱਚ 12ਵੀਂ ਪਾਸ ਕੀਤੀ ਸੀ। ਪਹਿਲਾਂ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਥੇ ਦਾ ਵੀਜ਼ਾ ਨਹੀਂ ਲੱਗਿਆ। ਸ਼ਾਹਬਾਜ਼ ਨੇ ਫਿਰ ਆਈਲੈਟਸ ਕਰ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕਰ ਲਿਆ। ਪਰ 8 ਜੂਨ ਦੀ ਸ਼ਾਮ ਨੂੰ ਇਹ ਘਟਨਾ ਵਾਪਰ ਗਈ ਅਤੇ ਦੇਰ ਰਾਤ ਸ਼ਾਹਬਾਜ਼ ਦੀ ਮੌ-ਤ ਹੋ ਗਈ। 9 ਜੂਨ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਪੋਸਟ ਮਾਰਟਮ ਹੋਇਆ ਅਤੇ ਉਸੇ ਦਿਨ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਸ਼ਾਹਬਾਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ 2018 ਵਿੱਚ ਸ਼ਾਹਬਾਜ਼ ਦਾ ਚਾਚਾ ਸਿਕੰਦਰ ਸਿੰਘ ਸਰਪੰਚ ਬਣਿਆ ਸੀ ਤਾਂ ਉਨ੍ਹਾਂ ਵਲੋਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ਉਤੇ ਦੱਸਿਆ ਗਿਆ ਸੀ ਪਰ ਅੱਜ ਤੱਕ ਕਿਸੇ ਨੇ ਵੀ ਤਾਰਾਂ ਨੂੰ ਠੀਕ ਨਹੀਂ ਕੀਤਾ। ਇੱਕ ਵਾਰ ਇੱਕ ਸਕੂਲੀ ਬੱਸ ਵੀ ਇਨ੍ਹਾਂ ਤਾਰਾਂ ਦੀ ਲਪੇਟ ਵਿੱਚ ਆਉਣ ਤੋਂ ਬਚ ਗਈ ਸੀ।

Leave a Reply

Your email address will not be published. Required fields are marked *