ਇਹ ਦੁਖ ਭਰਿਆ ਸਮਾਚਾਰ ਪੰਜਾਬ ਦੇ ਜਿਲ੍ਹਾ ਬਰਨਾਲਾ ਨਾਲ ਸਬੰਧਤ ਹੈ। ਇਥੇ ਕੜਾਕੇ ਦੀ ਗਰਮੀ ਤੋਂ ਰਾਹਤ ਪਾਉਣ ਲਈ ਬਰਨਾਲਾ ਦੇ ਤਿੰਨ ਮੁੰਡੇ ਬਰਨਾਲਾ ਤੋਂ ਚੰਡੀਗੜ੍ਹ ਹਾਈਵੇ ਉਤੇ ਹਰੀਗੜ੍ਹ ਨਹਿਰ ਦੇ ਵਿਚ ਨਹਾਉਣ ਲਈ ਗਏ ਸਨ। ਪਰ ਉਹ ਨਹਾਉਂਦੇ ਹੋਏ ਨਦੀਂ ਵਿਚ ਉਸ ਥਾਂ ਚਲੇ ਗਏ ਜਿੱਥੇ ਪਾਣੀ ਦੀ ਡੂੰਘਾਈ ਬਹੁਤ ਜ਼ਿਆਦਾ ਸੀ। ਜਿਸ ਹਾਦਸੇ ਵਿਚ ਤਿੰਨ ਦੋਸਤਾਂ ਦੇ ਵਿਚੋਂ ਦੋ ਦੋਸਤ ਡੂੰਘੇ ਪਾਣੀ ਵਿਚ ਰੁੜ੍ਹ ਗਏ ਅਤੇ ਆਪਣੀ ਜਾਨ ਗੁਆ ਬੈਠੇ।
ਉਨ੍ਹਾਂ ਦਾ ਤੀਜਾ ਦੋਸਤ ਕਾਫੀ ਡੂੰਘਾ ਪਾਣੀ ਹੋਣ ਦੇ ਕਾਰਨ ਅੱਗੇ ਨਹੀਂ ਵਧਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਤਿੰਨਾਂ ਦੋਸਤਾਂ ਦੀ ਉਮਰ ਕਰੀਬ 25 ਤੋਂ 26 ਸਾਲ ਦੀ ਦੱਸੀ ਜਾ ਰਹੀ ਹੈ। ਜਿਸ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ। ਦੇਰ ਸ਼ਾਮ ਨੂੰ ਗੋਤਾਖੋਰਾਂ ਵੱਲੋਂ ਦੋਵਾਂ ਨੌਜਵਾਨਾਂ ਦੀਆਂ ਦੇਹਾ ਨੂੰ ਡੂੰਘੇ ਪਾਣੀ ਵਿਚੋਂ ਕੱਢਿਆ ਗਿਆ ਅਤੇ ਪੋਸਟ ਮਾਰਟਮ ਦੇ ਲਈ ਬਰਨਾਲਾ ਦੇ ਸਿਵਲ ਹਸਪਤਾਲ ਪਹੁੰਚਦੇ ਕੀਤਾ ਗਿਆ। 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਦਰਦਨਾਕ ਹਾਦਸੇ ਕਾਰਨ ਮ੍ਰਿਤਕਾਂ ਦੇ ਪਰਿਵਾਰਾਂ ਦਾ ਸਦਮੇ ਵਿਚ ਬੁਰਾ ਹਾਲ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਨੋਂ ਦੋਸਤ ਗੁਰਪ੍ਰੀਤ ਸਿੰਘ, ਵਿਜੇ ਕੁਮਾਰ ਅਤੇ ਸਰਤਾਜ ਤਿੰਨੇ ਦੋਸਤ ਇਕੱਠੇ ਪਿੰਡ ਹਰੀਗੜ੍ਹ ਦੀ ਨਹਿਰ ਵਿੱਚ ਨਹਾਉਣ ਲਈ ਗਏ ਸਨ। ਗੁਰਪ੍ਰੀਤ ਸਿੰਘ ਅਤੇ ਵਿਜੇ ਕੁਮਾਰ ਨਹਿਰ ਵਿੱਚ ਤੈਰਦੇ ਹੋਏ ਡੂੰਘੇ ਪਾਣੀ ਵਿੱਚ ਚਲੇ ਗਏ। ਬਾਹਰ ਮੌਜੂਦ ਉਨ੍ਹਾਂ ਦੇ ਤੀਜੇ ਦੋਸਤ ਨੇ ਨੇੜਲੇ ਦੇ ਲੋਕਾਂ ਨੂੰ ਇਕੱਠਾ ਕਰ ਕੇ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ। ਉਹ ਕਈ ਘੰਟੇ ਨਹਿਰ ਵਿੱਚ ਇਨ੍ਹਾਂ ਨੌਜਵਾਨਾਂ ਦੀ ਭਾਲ ਕਰਦੇ ਰਹੇ ਪਰ ਉਹ ਨਹੀਂ ਮਿਲੇ।
ਜਿਸ ਤੋਂ ਬਾਅਦ ਪਟਿਆਲਾ ਤੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ 35 ਹਜ਼ਾਰ ਰੁਪਏ ਦੀ ਮੰਗ ਕੀਤੀ। ਸਾਰੇ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਪੈਸੇ ਦੇਣ ਤੋਂ ਅਸਮਰੱਥ ਸਨ, ਜਿਸ ਤੋਂ ਬਾਅਦ ਲੋਕਾਂ ਨੇ ਪੈਸੇ ਇਕੱਠੇ ਕਰਕੇ ਗੋਤਾਖੋਰਾਂ ਨੂੰ ਦਿੱਤੇ ਅਤੇ ਉਨ੍ਹਾਂ ਨੌਜਵਾਨਾਂ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੀ ਹਾਲਤ ਬਹੁਤ ਖਰਾਬ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ।