ਪੰਜਾਬ ਦੇ ਰਹਿਣ ਵਾਲੇ ਪੰਜਾਬ ਰੋਡਵੇਜ਼ ਦੇ ਕੰਡਕਟਰ ਦੀ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਸਾਹਾ-ਸ਼ਹਿਜ਼ਾਦਪੁਰ ਰੋਡ ਉਤੇ ਰੈੱਡ ਹਟਸ ਰਿਜ਼ੋਰਟ ਦੇ ਨੇੜੇ ਬੀਤੀ ਰਾਤ 10 ਵਜੇ ਦੇ ਕਰੀਬ ਵਾਪਰਿਆ ਹੈ। ਮ੍ਰਿਤਕ ਦੀ ਪਹਿਚਾਣ ਤਰਨਤਾਰਨ ਦੇ ਪਿੰਡ ਚੱਠਾ ਵਾਸੀ ਪਲਵਿੰਦਰ ਸਿੰਘ ਉਮਰ 40 ਸਾਲ ਦੇ ਰੂਪ ਵਜੋਂ ਹੋਈ ਹੈ। ਪੁਲਿਸ ਵੱਲੋਂ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਹਰਿਆਣਾ ਸਰਹੱਦ ਉਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਸੇਵਾ ਕਰਨ ਦੇ ਲਈ ਆਇਆ ਸੀ। ਐਤਵਾਰ ਨੂੰ ਛਬੀਲ ਦੀ ਸੇਵਾ ਕਰਨ ਤੋਂ ਬਾਅਦ ਰਾਤ ਨੂੰ ਘਰ ਪਰਤ ਰਿਹਾ ਸੀ। ਜਿਵੇਂ ਹੀ ਪਲਵਿੰਦਰ ਸਿੰਘ ਆਪਣੀ ਕਾਰ ਵਿਚ ਸਾਹਾ-ਸ਼ਹਿਜ਼ਾਦਪੁਰ ਰੋਡ ਉਤੇ ਰੈੱਡ ਹਟਸ ਰਿਜ਼ੋਰਟ ਦੇ ਨੇੜੇ ਆਇਆ ਤਾਂ ਇਕ ਤੇਜ਼ ਸਪੀਡ ਟ੍ਰੈਕਟਰ ਟ੍ਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਪੰਜਾਬ ਰੋਡਵੇਜ ਵਿਚ ਕੰਡਕਟਰ ਸੀ ਪਲਵਿੰਦਰ ਸਿੰਘ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਪਲਵਿੰਦਰ ਸਿੰਘ ਪੰਜਾਬ ਰੋਡਵੇਜ਼ ਦੇ ਵਿਚ ਕੰਡਕਟਰ ਦਾ ਕੰਮ ਕਰਦਾ ਸੀ। ਪਲਵਿੰਦਰ ਸਿੰਘ ਨੇ ਸੋਮਵਾਰ ਨੂੰ ਸਵੇਰੇ ਆਪਣੀ ਡਿਊਟੀ ਉਤੇ ਜਾਣਾ ਸੀ। ਇਸ ਲਈ ਉਹ ਰਾਤ ਨੂੰ ਵਾਪਸ ਆਪਣੇ ਘਰ ਪਰਤ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਾਹਾ ਦੇ ਏ. ਐਸ. ਆਈ. ਨੇ ਦੱਸਿਆ ਕਿ ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।